ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਹਰ ਦਿਨ ਦੇ ਨਾਲ ਅਮਰੀਕਾ ਸਮੇਤ ਸਾਰੇ ਦੇਸ਼ਾਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦੂਜੇ ਦੇਸ਼ਾਂ ਦੇ ਨਾਗਰਿਕਾਂ ‘ਤੇ ਖਤਰਾ ਵਧਦਾ ਜਾ ਰਿਹਾ ਹੈ।
ਇਸ ਦੇ ਮੱਦੇਨਜ਼ਰ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਅਲਰਟ ਜਾਰੀ ਕੀਤਾ ਹੈ । ਅਮਰੀਕਾ ਨੇ ਹਵਾਈ ਅੱਡੇ ‘ਤੇ ਆਪਣੇ ਨਾਗਰਿਕਾਂ ਲਈ ਖਤਰੇ ਦਾ ਡਰ ਪ੍ਰਗਟ ਕੀਤਾ ਹੈ।
ਅਮਰੀਕਾ ਨੇ ਕਾਬੁਲ ਵਿੱਚ ਹਵਾਈ ਅੱਡੇ ਦੇ ਗੇਟ ਦੇ ਬਾਹਰ ਮੌਜੂਦ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਤੁਰੰਤ ਇਹ ਜਗ੍ਹਾ ਛੱਡ ਦੇਣ । ਅਮਰੀਕਾ ਨੇ ਕਿਹਾ ਹੈ ਕਿ ਇੱਥੇ ਖਤਰੇ ਦੀ ਘੰਟੀ ਹੈ । ਅਮਰੀਕੀ ਨਾਗਰਿਕਾਂ ਨੂੰ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਕਾਬੁਲ ਸਥਿਤ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਏਬੇ ਗੇਟ, ਪੂਰਬੀ ਗੇਟ ਜਾਂ ਉੱਤਰੀ ਗੇਟ ‘ਤੇ ਜੋ ਵੀ ਅਮਰੀਕੀ ਨਾਗਰਿਕ ਮੌਜੂਦ ਹਨ, ਉਹ ਤੁਰੰਤ ਇਨ੍ਹਾਂ ਥਾਵਾਂ ਨੂੰ ਖਾਲੀ ਕਰ ਦੇਣ । ਦੂਤਘਰ ਨੇ ਕਿਹਾ ਕਿ ਕਾਬੁਲ ਹਵਾਈ ਅੱਡੇ ਦੇ ਬਾਹਰ ਮੌਜੂਦ ਅਮਰੀਕੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹਵਾਈ ਅੱਡੇ ਵੱਲ ਯਾਤਰਾ ਕਰਨ ਤੋਂ ਬਚਣ। ਜਦੋਂ ਤੱਕ ਤੁਹਾਨੂੰ ਵਿਅਕਤੀਗਤ ਤੌਰ ‘ਤੇ ਅਮਰੀਕੀ ਸਰਕਾਰ ਦੇ ਕਿਸੇ ਪ੍ਰਤੀਨਿਧੀ ਵੱਲੋਂ ਅਜਿਹਾ ਕਰਨ ਲਈ ਨਹੀਂ ਕਿਹਾ ਜਾਂਦਾ, ਉਦੋਂ ਤੱਕ ਹਵਾਈ ਅੱਡੇ ਵੱਲ ਨਾ ਜਾਓ।