Venezuela becomes the first country: ਸਾਊਥ ਅਮਰੀਕਾ ਦੇ ਦੇਸ਼ ਵੈਨੇਜ਼ੁਏਲਾ ਵੱਲੋਂ 10 ਲੱਖ ਦਾ ਨੋਟ ਜਾਰੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਵੈਨੇਜ਼ੁਏਲਾ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ । ਦਰਅਸਲ, ਵੈਨੇਜ਼ੁਏਲਾ ਨੇ ਇਹ ਕਦਮ ਭਿਆਨਕ ਆਰਥਿਕ ਸੰਕਟ ਨਾਲ ਨਜਿੱਠਣ ਲਈ ਚੁੱਕਿਆ ਹੈ । ਵੈਨੇਜੁਏਲਾ ਵੱਲੋਂ ਸ਼ਨੀਵਾਰ ਨੂੰ ਵਧਦੀ ਮਹਿੰਗਾਈ ਨਾਲ ਨਜਿੱਠਣ ਲਈ 10 ਲੱਖ ਬੋਲੀਵਰ ਦਾ ਨਵਾਂ ਨੋਟ ਜਾਰੀ ਕੀਤਾ ਗਿਆ । ਵੈਨੇਜ਼ੁਏਲਾ ਦੀ ਮੌਜੂਦਾ ਮੁਦਰਾ ਸਫੀਤੀ ਅਨੁਸਾਰ 10 ਲੱਖ ਬੋਲੀਵਰ ਦੀ ਕੀਮਤ ਅੱਧਾ ਅਮਰੀਕੀ ਡਾਲਰ ਯਾਨੀ ਕਿ ਭਾਰਤੀ ਰੁਪਏ ਮੁਤਾਬਕ ਸਿਰਫ 36 ਰੁਪਏ ਹੈ। ਜੇਕਰ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਇੰਨੇ ਰੁਪਏ ਦਾ ਅੱਧਾ ਲੀਟਰ ਪੈਟਰੋਲ ਵੀ ਨਹੀਂ ਮਿਲੇਗਾ।
ਇਸ ਸਬੰਧੀ ਵੈਨੇਜ਼ੁਏਲਾ ਦੇ ਕੇਂਦਰੀ ਬੈਂਕ ਨੇ ਕਿਹਾ ਕਿ ਦੇਸ਼ ਦੀ ਅਰਥ-ਵਿਵਸਥਾ ਨੂੰ ਦੇਖਦੇ ਹੋਏ ਇੰਨੇ ਵੱਡੇ ਕਰੰਸੀ ਨੋਟ ਨੂੰ ਜਾਰੀ ਕਰਨਾ ਪਿਆ ਹੈ । ਕੇਂਦਰੀ ਬੈਂਕ ਅਨੁਸਾਰ ਅਗਲੇ ਹਫ਼ਤੇ ਵਿੱਚ 2 ਲੱਖ ਬੋਲੀਵਰ ਅਤੇ 5 ਲੱਖ ਬੋਲੀਵਰ ਦੇ ਨੋਟ ਵੀ ਜਾਰੀ ਕੀਤੇ ਜਾਣਗੇ । ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਵੈਨੇਜ਼ੁਏਲਾ ਵਿੱਚ 10 ਹਜ਼ਾਰ, 20 ਹਜ਼ਾਰ ਅਤੇ 50 ਹਜ਼ਾਰ ਬੋਲੀਵਰ ਦੇ ਨੋਟ ਪ੍ਰਚਲਨ ਵਿੱਚ ਹਨ । ਵੈਨੇਜ਼ੁਏਲਾ ਵਿੱਚ ਭਾਰਤ ਦੇ 1 ਰੁਪਏ ਦੀ ਕੀਮਤ 25584.66 ਬੋਲੀਵਰ ਹੈ।
ਜ਼ਿਕਰਯੋਗ ਹੈ ਕਿ ਵੈਨੇਜ਼ੁਏਲਾ ਦੀ ਆਰਥਿਕਤਾ ਦੀ ਹਾਲਤ ਹੁਣ ਇਹ ਹੋ ਗਈ ਹੈ ਕਿ ਦੇਸ਼ ਨੂੰ ਸੋਨਾ ਵੇਚ ਕੇ ਚੀਜ਼ਾਂ ਖਰੀਦਣੀਆਂ ਪੈ ਰਹੀਆਂ ਹਨ । ਵੈਨੇਜ਼ੂਏਲਾ ਵਿੱਚ ਲੱਖਾਂ ਲੋਕ ਭੁੱਖੇ ਸੌਂ ਨੂੰ ਮਜ਼ਬੂਰ ਹਨ। ਕਿਉਂਕਿ ਉਨ੍ਹਾਂ ਕੋਲ ਖਾਣ ਲਈ ਭੋਜਨ ਨਹੀਂ ਹੈ। ਇੱਕ ਰਿਪੋਰਟ ਅਨੁਸਾਰ ਵੈਨੇਜ਼ੂਏਲਾ ਵਿੱਚ ਲਗਭਗ 700,000 ਲੋਕ ਅਜਿਹੇ ਹਨ ਜਿਨ੍ਹਾਂ ਕੋਲ ਦੋ ਵਾਰ ਭੋਜਨ ਖਰੀਦਣ ਲਈ ਪੈਸੇ ਨਹੀਂ ਹਨ।
ਇਹ ਵੀ ਦੇਖੋ: Manpreet Badal ਨੇ ਖੋਲ੍ਹਿਆ ਬਜਟ ਦਾ ਪਿਟਾਰਾ, ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ