Vienna shooting: ਯੂਰਪ ਦੇ ਆਸਟਰੀਆ ਦੇਸ਼ ਦੇ ਵਿਆਨਾ ਸ਼ਹਿਰ ਵਿੱਚ ਮੁੰਬਈ ਵਰਗਾ ਅੱਤਵਾਦੀ ਹਮਲਾ ਹੋਇਆ ਹੈ। ਇੱਥੇ ਹਮਲਾਵਰਾਂ ਨੇ 6 ਵੱਖ-ਵੱਖ ਥਾਵਾਂ ‘ਤੇ ਗੋਲੀਬਾਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਅੱਤਵਾਦੀ ਘਟਨਾ ਵਿੱਚ ਇੱਕ ਹਮਲਾਵਰ ਸਣੇ 7 ਲੋਕਾਂ ਦੀ ਮੌਤ ਹੋ ਗਈ ਹੈ । ਵਿਆਨਾ ਪੁਲਿਸ ਵਿਭਾਗ ਅਨੁਸਾਰ ਇਸ ਹਮਲੇ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ।
ਇਸ ਘਟਨਾ ਸਬੰਧੀ ਵਿਆਨਾ ਪੁਲਿਸ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਰਾਤ 8 ਵਜੇ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ ਜਿਸ ਵਿੱਚ ਕਈ ਰਾਉਂਡ ਦੀਆਂ ਗੋਲੀਆਂ ਚਲਾਈਆਂ ਗਈਆਂ । ਟਵੀਟ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਬਹੁਤ ਸਾਰੇ ਸ਼ੱਕੀ ਵਿਅਕਤੀ ਰਾਈਫਲਾਂ ਨਾਲ ਲੈਸ ਦਿਖਾਈ ਦਿੱਤੇ। ਗੋਲੀਬਾਰੀ ਦੀ ਘਟਨਾ ਸ਼ਹਿਰ ਦੇ 6 ਵੱਖ-ਵੱਖ ਥਾਵਾਂ ‘ਤੇ ਵਾਪਰੀ । ਇਸ ਘਟਨਾ ਵਿੱਚ ਇੱਕ ਅਧਿਕਾਰੀ ਸਮੇਤ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ, ਜਦਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੇ ਇੱਕ ਸ਼ੱਕੀ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਹੈ।
ਇਸ ਘਟਨਾ ਤੋਂ ਬਾਅਦ ਵਿਆਨਾ ਪੁਲਿਸ ਨੇ ਇੱਕ ਹੋਰ ਟਵੀਟ ਵਿੱਚ ਲੋਕਾਂ ਨੂੰ ਇਸ ਹਮਲੇ ਪ੍ਰਤੀ ਸਾਵਧਾਨ ਰਹਿਣ ਲਈ ਕਿਹਾ ਹੈ । ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦੇ ਨਾਲ-ਨਾਲ ਪੁਲਿਸ ਨੇ ਅਫਵਾਹਾਂ ਤੋਂ ਦੂਰ ਰਹਿਣ ਲਈ ਵੀ ਕਿਹਾ ਹੈ। ਪੁਲਿਸ ਨੇ ਲਿਖਿਆ, “ਕਿਰਪਾ ਕਰਕੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ, ਇਲਜ਼ਾਮਾਂ, ਅਟਕਲਾਂ ਵੱਲ ਧਿਆਨ ਨਾ ਦਿਓ – ਉਹ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰਦਾ! ਅੰਦਰ ਰਹੋ! ਜਨਤਕ ਥਾਵਾਂ ਤੋਂ ਦੂਰ ਰਹੋ।”
ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਘਰ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ । ਇਸਦੇ ਨਾਲ ਹੀ ਉਨ੍ਹਾਂ ਥਾਵਾਂ ‘ਤੇ ਜਨਤਕ ਆਵਾਜਾਈ ਨੂੰ ਵੀ ਰੋਕ ਦਿੱਤਾ ਗਿਆ ਹੈ। ਪੁਲਿਸ ਵਿਭਾਗ ਨੇ ਵੀ ਇਸ ਬਾਰੇ ਟਵੀਟ ਕੀਤਾ ਹੈ । ਪੁਲਿਸ ਨੇ ਆਪਣੇ ਟਵੀਟ ਵਿੱਚ ਲਿਖਿਆ, “ਵਿਆਨਾ ਦੀ ਜਨਤਕ ਆਵਾਜਾਈ ਅਗਲੀ ਸੂਚਨਾ ਤੱਕ ਪਹਿਲੇ ਜ਼ਿਲ੍ਹੇ ਵਿੱਚ ਨਹੀਂ ਰੁਕੇਗੀ! ਜਨਤਕ ਥਾਵਾਂ ਤੋਂ ਦੂਰ ਰਹੋ ਅਤੇ ਅੰਦਰ ਰਹੋ!” ਇਸਦੇ ਨਾਲ ਹੀ ਪੁਲਿਸ ਨੇ ਇੱਕ ਲਿੰਕ ਵੀ ਸਾਂਝਾ ਕੀਤਾ ਹੈ ਤਾਂ ਜੋ ਲੋਕ ਇਸ ਘਟਨਾ ਨਾਲ ਸਬੰਧਤ ਵੀਡੀਓ ਅਤੇ ਫੋਟੋਆਂ ਭੇਜ ਸਕਣ ।