Vienna terror attack: ਆਸਟਰੀਆ ਦੀ ਰਾਜਧਾਨੀ ਵਿਆਨਾ ਵਿੱਚ ਹੋਏ ਅੱਤਵਾਦੀ ਹਮਲੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ, “ਇਸ ਅੱਤਵਾਦੀ ਹਮਲੇ ਨਾਲ ਦੁੱਖ ਹੋਇਆ ਹੈ। ਭਾਰਤ ਇਸ ਦੁੱਖ ਦੀ ਘੜੀ ਵਿੱਚ ਆਸਟਰੀਆ ਦੇ ਨਾਲ ਖੜਾ ਹੈ । ਮੇਰਾ ਦੁੱਖ ਪੀੜਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ।’
ਜ਼ਿਕਰਯੋਗ ਹੈ ਕਿ ਸੋਮਵਾਰ ਦੀ ਸ਼ਾਮ ਵਿਆਨਾ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਸੀ । ਕੁਝ ਅੱਤਵਾਦੀਆਂ ਨੇ ਰਾਜਧਾਨੀ ਸਮੇਤ ਕਈ ਸ਼ਹਿਰਾਂ ਵਿੱਚ ਲੋਕਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਗੋਲੀਬਾਰੀ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ । ਰਿਪੋਰਟ ਅਨੁਸਾਰ, ਇੱਕ ਅੱਤਵਾਦੀ ਨੂੰ ਪੁਲਿਸ ਨੇ ਢੇਰ ਕਰ ਦਿੱਤਾ, ਜਦੋਂ ਕਿ ਉਸਦੇ ਦੂਜੇ ਸਾਥੀ ਫਰਾਰ ਹੋ ਗਏ ਹਨ ।
ਉੱਥੇ ਹੀ ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀ ਕਿਹਾ ਕਿ ਫਰਾਂਸੀਸੀ “ਅੱਜ ਰਾਤ ਦੇ ਹਮਲੇ ਨਾਲ ਪ੍ਰਭਾਵਿਤ ਹੋਏ ਆਸਟਰੀਆ ਦੇ ਦੁੱਖ ਅਤੇ ਦਰਦ ਨੂੰ ਸਾਂਝਾ ਕਰਦੇ ਹਨ।” ਉਨ੍ਹਾਂ ਲਿਖਿਆ, “ਫਰਾਂਸ ਤੋਂ ਬਾਅਦ, ਇਹ ਦੂਜਾ ਸਹਿਯੋਗੀ ਦੇਸ਼ ਹੈ ਜਿਸ ‘ਤੇ ਹਮਲਾ ਕੀਤਾ ਗਿਆ ਹੈ। ਇਹ ਸਾਡਾ ਯੂਰਪ ਹੈ … ਅਸੀਂ ਝੁਕਾਂਗੇ ਨਹੀਂ। ਫਰਾਂਸ ਵਿੱਚ ਹਾਲ ਹੀ ਦੇ ਹਫਤਿਆਂ ਵਿੱਚ ਤਿੰਨ ਹਮਲੇ ਹੋਏ ਹਨ, ਜਿਸ ਲਈ ਮੁਸਲਿਮ ਕੱਟੜਪੰਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਇਸ ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ ਰਾਤ ਅੱਠ ਵਜੇ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ‘ਤੇ ਗੋਲੀਆਂ ਚਲਾਈਆਂ ਗਈਆਂ । ਫਾਇਰਿੰਗ ਛੇ ਥਾਵਾਂ ‘ਤੇ ਹੋਈ ਹੈ । ਆਸਟਰੀਆ ਦੇ ਚੋਟੀ ਦੇ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਲਈ ਕਈ ਬੰਦੂਕਧਾਰੀ ਸ਼ਾਮਿਲ ਹਨ ਅਤੇ ਪੁਲਿਸ ਦੀ ਕਾਰਵਾਈ ਹੁਣ ਤੱਕ ਜਾਰੀ ਹੈ।
ਦੱਸ ਦੇਈਏ ਕਿ ਇਸ ਘਟਨਾ ਸਬੰਧੀ ਵਿਆਨਾ ਦੇ ਮੇਅਰ ਮਾਈਕਲ ਲੂਡਵਿੰਗ ਨੇ ਕਿਹਾ ਕਿ 15 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਸੱਤ ਗੰਭੀਰ ਜ਼ਖਮੀ ਹਨ। ਵਿਆਨਾ ਵਿੱਚ ਯਹੂਦੀ ਭਾਈਚਾਰੇ ਦੇ ਮੁਖੀ ਆਸਕਰ ਡੋਯਚ ਨੇ ਕਿਹਾ ਕਿ ਗੋਲੀਬਾਰੀ ਸ਼ਹਿਰ ਦੇ ਪ੍ਰਮੁੱਖ ਯਹੂਦੀ ਪ੍ਰਾਰਥਨਾ ਸਥਾਨ ਦੇ ਬਾਹਰ ਸੜਕ ‘ਤੇ ਹੋਈ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਹਮਲਾ ਪੂਜਾ ਸਥਾਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜਾਂ ਨਹੀਂ।