WHO chief praised Pakistan: ਅੰਤਰਰਾਸ਼ਟਰੀ ਪੱਧਰ ‘ਤੇ ਕੋਰੋਨਾ ਵਾਇਰਸ ਦੇ ਕੰਟਰੋਲ ਨੂੰ ਲੈ ਕੇ ਪਾਕਿਸਤਾਨ ਬਾਰੇ ਵੱਡੀ ਚਰਚਾ ਹੋ ਰਹੀ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੇਡਰੋਸ ਅਧਨੋਮ ਆਪਣੇ ਆਪ ਨੂੰ ਭਾਰਤ ਦੇ ਗੁਆਂਢੀ ਦੇਸ਼ ਦੀ ਪ੍ਰਸ਼ੰਸਾ ਕਰਨ ਤੋਂ ਨਹੀਂ ਰੋਕ ਸਕੇ। WHO ਦੇ ਮੁਖੀ ਨੇ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ਨੂੰ ਪਾਕਿਸਤਾਨ ਤੋਂ ਸਿੱਖਣ ਦੀ ਜ਼ਰੂਰਤ ਹੈ। WHO ਦੇ ਮੁਖੀ ਨੇ ਇੱਕ ਬਿਆਨ ਵਿੱਚ ਕੋਰੋਨਾ ਨਾਲ ਲੜਾਈ ਵਿੱਚ ਪਾਕਿਸਤਾਨੀ ਸਰਕਾਰ ਦੀਆਂ ਰਣਨੀਤੀਆਂ ਦਾ ਸਮਰਥਨ ਕੀਤਾ, ਜਿੱਥੇ ਕੋਵਿਡ -19 ਨਾਲ ਨਜਿੱਠਣ ਲਈ ਪਹਿਲਾਂ ਬਣਾਏ ਗਏ ਪੋਲੀਓ ਦੇ ਬੁਨਿਆਦੀ ਢਾਂਚੇ ਦਾ ਸਹਾਰਾ ਲਿਆ ਗਿਆ ਹੈ।
ਉਨ੍ਹਾਂ ਨੇ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੇਣ ਵਾਲੇ ਪਾਕਿਸਤਾਨ ਦੇ ਕਮਿਊਨਿਟੀ ਹੈਲਥ ਵਰਕਰਾਂ ਦੀ ਵੀ ਪ੍ਰਸ਼ੰਸਾ ਕੀਤੀ। ਪਾਕਿਸਤਾਨ ਵਿੱਚ ਇਸਦੀ ਵਰਤੋਂ ਨਿਗਰਾਨੀ, ਜਾਂਚ ਅਤੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਦੇਖਭਾਲ ਲਈ ਕੀਤੀ ਜਾਂਦੀ ਸੀ। ਨਤੀਜੇ ਵਜੋਂ, ਦੇਸ਼ ਵਿੱਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਗਿਰਾਵਟ ਆਈ।
ਬਹੁਤ ਸਾਰੇ ਦੇਸ਼ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਵਿੱਚ ਇਸ ਲਈ ਵੀ ਸਫਲ ਰਹੇ ਹਨ ਕਿਉਂਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਦੇਸ਼ ਪਹਿਲਾਂ ਹੀ SARS, MERS, ਖਸਰਾ, ਪੋਲੀਓ, ਇਬੋਲਾ, ਫਲੂ ਸਮੇਤ ਬਹੁਤ ਸਾਰੀਆਂ ਬਿਮਾਰੀਆਂ ਨਾਲ ਨਜਿੱਠਣ ਵਿੱਚ ਮਾਹਿਰ ਸਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਾਬਕਾ ਵਿਸ਼ੇਸ਼ ਸਹਾਇਕ ਡਾ: ਜ਼ਫਰ ਮਿਰਜ਼ਾ ਨੇ ਅਧਾਨੋਮ ਦੇ ਬਿਆਨ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੇ ਯਤਨਾਂ ਨੇ ਕਾਫ਼ੀ ਅੰਤਰਰਾਸ਼ਟਰੀ ਪਹਿਚਾਨ ਹਾਸਿਲ ਕੀਤੀ ਹੈ।
WHO ਦੇ ਮੁਖੀ ਨੇ ਪਾਕਿਸਤਾਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੀ ਪ੍ਰਸ਼ੰਸਾ ਕੀਤੀ, ਜਿਹੜੇ ਵਾਇਰਸ ਨਾਲ ਨਜਿੱਠਣ ਵਿੱਚ ਕਾਮਯਾਬ ਰਹੇ। ਇਸ ਸੂਚੀ ਵਿੱਚ ਉਨ੍ਹਾਂ ਨੇ ਥਾਈਲੈਂਡ, ਕੰਬੋਡੀਆ, ਜਾਪਾਨ, ਨਿਊਜ਼ੀਲੈਂਡ, ਦ ਰਿਪਬਲਿਕ ਆਫ਼ ਕੋਰੀਆ, ਰਵਾਂਡਾ, ਸੇਨੇਗਲ, ਇਟਲੀ, ਸਪੇਨ ਅਤੇ ਵੀਅਤਨਾਮ ਨੂੰ ਸ਼ਾਮਿਲ ਕੀਤਾ ਹੈ। ਜ਼ਫਰ ਮਿਰਜ਼ਾ ਨੇ ਇੱਕ ਟਵੀਟ ਵਿੱਚ ਲਿਖਿਆ, “WHO ਦੇ ਡਾਇਰੈਕਟਰ ਜਨਰਲ ਨੇ ਪਾਕਿਸਤਾਨ ਨੂੰ ਉਨ੍ਹਾਂ 7 ਦੇਸ਼ਾਂ ਵਿੱਚ ਗਿਣਿਆ ਹੈ ਜਿੱਥੋਂ ਪੂਰੀ ਦੁਨੀਆ ਨੂੰ ਭਵਿੱਖ ਵਿੱਚ ਕੋਰੋਨਾ ਨਾਲ ਲੜਨਾ ਸਿੱਖਣਾ ਚਾਹੀਦਾ ਹੈ।” ਆਪਣੇ ਟਵੀਟ ਵਿੱਚ ਉਨ੍ਹਾਂ ਨੇ ਪਾਕਿਸਤਾਨ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ।
ਦੱਸ ਦੇਈਏ ਕਿ ਪਾਕਿਸਤਾਨ ਵਿੱਚ ਹਾਲਾਤ ਪਹਿਲਾਂ ਨਾਲੋਂ ਬਹੁਤ ਸੁਧਰੇ ਹੋਏ ਹਨ। ਜੁਲਾਈ ਦੇ ਅੱਧ ਤੋਂ ਪਹਿਲਾਂ ਇਹ ਦੇਸ਼ ਸਪੇਨ ਅਤੇ ਈਰਾਨ ਦਾ ਦੱਖਣੀ ਏਸ਼ੀਆਈ ਸੰਸਕਰਣ ਬਣ ਰਿਹਾ ਸੀ। ਸ਼ੁਰੂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸੰਕ੍ਰਮਿਤ ਹੋਏ ਅਤੇ ਆਪਣੀ ਜਾਨ ਗੁਆ ਬੈਠੇ । ਇਥੋਂ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਸਨ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਾਖਲ ਕਰਨ ਲਈ ਕੋਈ ਖਾਲੀ ਥਾਂ ਨਹੀਂ ਸੀ।