WHO Chief Tedros Adhanom Ghebreyesus: ਪੈਰਿਸ: ਵਿਸ਼ਵ ਸਿਹਤ ਸੰਗਠਨ ((WHO) ਨੇ ਇੱਕ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਅਜੇ ਵੀ ਘੁੰਮ ਰਿਹਾ ਹੈ ਅਤੇ ਜ਼ਿਆਦਾਤਰ ਆਬਾਦੀ ਅਜੇ ਵੀ ਇਸਦੀ ਚਪੇਟ ਵਿੱਚ ਆ ਸਕਦੀ ਹੈ। WHO ਦੀ ਕੋਵਿਡ-19 ਕੇਸਾਂ ਦੀ ਤਕਨੀਕੀ ਮੁਖੀ ਡਾ ਮਾਰੀਆ ਵੈਨ ਕੇਰਖੋਵ ਨੇ ਕਿਹਾ ਕਿ ਹੁਣ ਇਹ ਲਗਭਗ ਸਪੱਸ਼ਟ ਹੋ ਗਿਆ ਹੈ ਕਿ ਕੋਵਿਡ-19 ਮੌਸਮੀ ਵਾਇਰਸ ਨਹੀਂ ਹੈ ਅਤੇ ਇਸ ਨਾਲ ਨਜਿੱਠਣ ਲਈ ਬਹੁਤ ਤਿਆਰੀ ਦੀ ਲੋੜ ਹੈ। ਦੂਜੇ ਪਾਸੇ, WHO ਦੇ ਚੀਫ ਟੇਡਰੋਸ ਅਡਾਨੋਮ ਗੈਬਰੇਅਸਿਸ ਨੇ ਕਿਹਾ ਕਿ ਕਿਸੇ ਵੀ ਮਹਾਂਮਾਰੀ ਨਾਲ ਨਜਿੱਠਣ ਵਿੱਚ ਕਦੇ ਵੀ ਦੇਰ ਨਹੀਂ ਹੁੰਦੀ ਅਤੇ ਜੇ ਸਹੀ ਤਰੀਕੇ ਨਾਲ ਕੋਰੋਨਾ ਵਿਰੁੱਧ ਲੜਾਈ ਕੀਤੀ ਗਈ ਤਾਂ ਉਮੀਦ ਦੀ ਕਿਰਨ ਦਿਖਾਈ ਦੇ ਸਕਦੀ ਹੈ।
ਟੇਡਰੋਸ ਨੇ ਕਿਹਾ, ‘ਇਨ੍ਹਾਂ ਅੰਕੜਿਆਂ ਦੇ ਪਿੱਛੇ ਬਹੁਤ ਜ਼ਿਆਦਾ ਦੁੱਖ ਅਤੇ ਮੁਸ਼ਕਿਲਾਂ ਹਨ, ਪਰ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ, ਅਜੇ ਵੀ ਉਮੀਦ ਦੀ ਕਿਰਨ ਬਾਕੀ ਹੈ, ਸਾਨੂੰ ਉਮੀਦ ਕਰਨੀ ਚਾਹੀਦੀ ਹੈ। ਕਿਸੇ ਵੀ ਮਹਾਂਮਾਰੀ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਦੇ ਦੇਰ ਨਹੀਂ ਹੁੰਦੀ। ਟੇਡਰੋਸ ਨੇ ਕਿਹਾ ਕਿ ਕੋਵਿਡ -19 ਨੂੰ ਰੋਕਣ ਲਈ ਸਖਤ ਪ੍ਰਬੰਧਾਂ ਤੋਂ ਇਲਾਵਾ ਲਾਗ ਨੂੰ ਰੋਕਣ ਦੇ ਸਾਰੇ ਤਰੀਕਿਆਂ ਨੂੰ ਅਪਣਾਉਣਾ ਪਵੇਗਾ ਤਾਂ ਹੀ ਦੁਨੀਆ ਸੁਰੱਖਿਅਤ ਰਹਿ ਪਾਵੇਗੀ। ਡਾਕਟਰ ਮਾਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਇਰਸ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰਨ, ਜਿਵੇਂ ਸਮਾਜਿਕ ਦੂਰੀਆਂ ਦਾ ਪਾਲਣ ਕਰਨਾ, ਮਾਸਕ ਪਾਉਣਾ, ਭੀੜ ਤੋਂ ਪਰਹੇਜ਼ ਕਰਨਾ ਅਤੇ ਕੁਆਰੰਟੀਨ ਦੇ ਨਿਯਮਾਂ ਦੀ ਪਾਲਣਾ ਕਰਨੀ।
ਇਸ ਤੋਂ ਇਲਾਵਾ WHO ਦੇ ਮੁਖੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਦੋ ਕਰੋੜ ਤੱਕ ਪਹੁੰਚ ਗਈ ਹੈ, ਜਿਸ ਵਿਚ ਤਕਰੀਬਨ 7,50,000 ਮੌਤਾਂ ਸ਼ਾਮਿਲ ਹਨ। ਟੇਡਰੋਸ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਨੇ ਵਾਇਰਸ ਨਾਲ ਲੜਨ ਲਈ ਨਵੀਂ ਰਣਨੀਤੀ ਨਹੀਂ ਬਣਾਈ ਅਤੇ ਸਥਿਤੀ ਵਿਗੜਦੀ ਗਈ । ਉਨ੍ਹਾਂ ਨੇ ਵਿਸ਼ਵ ਲਈ ਨਿਊਜ਼ੀਲੈਂਡ ਦੀ ਮਿਸਾਲ ਰੱਖੀ ਅਤੇ ਕਿਹਾ, ‘ਨੇਤਾਵਾਂ ਨੂੰ ਉਪਾਅ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ ਅਤੇ ਨਾਗਰਿਕਾਂ ਨੂੰ ਨਵੇਂ ਉਪਾਅ ਅਪਣਾਉਣ ਦੀ ਲੋੜ ਹੈ।’
ਦੱਸ ਦੇਈਏ ਕਿ ਦੁਨੀਆ ਭਰ ਵਿੱਚ ਕੋਰੋਨਾ ਲਾਗ ਦੇ ਮਾਮਲੇ 2 ਕਰੋੜ ਨੂੰ ਪਾਰ ਕਰ ਗਏ ਹਨ। ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਦੁਨੀਆ ਭਰ ਵਿੱਚ ਕੋਰੋਨਾ ਦੀ ਲਾਗ ਦੇ 20,004,254 ਮਾਮਲੇ ਹਨ। ਸਿਰਫ ਛੇ ਹਫ਼ਤਿਆਂ ਵਿੱਚ ਦੁਨੀਆ ਭਰ ਵਿੱਚ ਕੋਰੋਨਾ ਸੰਕ੍ਰਮਣ ਦੁੱਗਣੇ ਹੋ ਗਏ ਹਨ। ਸਿਰਫ ਇਹ ਹੀ ਨਹੀਂ, ਮਾਰਚ ਦੇ ਮੱਧ ਤੋਂ ਬਾਅਦ ਲਾਗ ਦੇ ਮਾਮਲੇ 200 ਗੁਣਾ ਵਧੇ ਹਨ। ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ ਵਿਸ਼ਵ ਭਰ ਵਿੱਚ ਹੁਣ ਤੱਕ 7 ਲੱਖ 30 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।