ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਨੇ ਕੋਵਿਡ-19 ਦੇ ਡੈਲਟਾ ਵੈਰੀਐਂਟ ਦੇ ਵਿਨਾਸ਼ਕਾਰੀ ਪ੍ਰਕੋਪ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਕੋਰੋਨਾ ਦਾ ਨਵਾਂ ਵੈਰੀਐਂਟ ਪੂਰੇ ਵਿਸ਼ਵ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ ।
ਜਿਸ ਕਾਰਨ ਉਨ੍ਹਾਂ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ 104 ਦੇਸ਼ਾਂ ਤੱਕ ਪਹੁੰਚਣ ਵਾਲਾ ਡੈਲਟਾ ਵੈਰੀਐਂਟ ਜਲਦੀ ਹੀ ਪੂਰੀ ਦੁਨੀਆ ਵਿੱਚ ਕੋਰੋਨਾ ਦੇ ਵੈਰੀਐਂਟਾ ਵਿੱਚ ਸਭ ਤੋਂ ਵੱਧ ਹਾਵੀ ਹੋ ਸਕਦਾ ਹੈ।
WHO ਮੁਖੀ ਨੇ ਕਿਹਾ ਕਿ ਪਿਛਲੇ ਹਫ਼ਤੇ ਅਜਿਹਾ ਚੌਥਾ ਹਫ਼ਤਾ ਸੀ, ਜਦੋਂ ਦੁਨੀਆ ਭਰ ਦੇ ਮਾਮਲੇ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। WHO ਦੇ 6 ਖੇਤਰਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਭ ਵਿੱਚ ਮਾਮਲੇ ਵਧੇ ਹਨ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ 10 ਹਫਤਿਆਂ ਤੱਕ ਸੰਕ੍ਰਮਣ ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਇਸ ਤਰ੍ਹਾਂ ਮਾਮਲਿਆਂ ਦਾ ਵਧਣਾ ਚਿੰਤਾ ਦਾ ਇੱਕ ਵਿਸ਼ਾ ਹੈ। ਸੰਗਠਨ ਦੇ ਮੁਖੀ ਨੇ ਕਿਹਾ ਕਿ ਕੋਰੋਨਾ ਦਾ ਨਵਾਂ ਵੈਰੀਐਂਟ ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਸੰਕ੍ਰਮਣ ਦੇ ਮਾਮਲੇ ਅਤੇ ਉਸ ਨਾਲ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ।
ਦੱਸ ਦੇਈਏ ਕਿ WHO ਅਨੁਸਾਰ ਇਹ ਵੈਰੀਐਂਟ ਉਨ੍ਹਾਂ ਲੋਕਾਂ ਨੂੰ ਸੰਕਰਮਿਤ ਕਰ ਰਿਹਾ ਹੈ ਜਿਨ੍ਹਾਂ ਨੂੰ ਟੀਕਾ ਨਹੀਂ ਲੱਗਿਆ ਹੈ। ਜਿਸ ਕਾਰਨ ਸਿਹਤ ਢਾਂਚੇ ‘ਤੇ ਦਬਾਅ ਵੱਧ ਰਿਹਾ ਹੈ। ਉੱਥੇ ਹੀ ਜਿਨ੍ਹਾਂ ਦੇਸ਼ਾਂ ਵਿੱਚ ਟੀਕਾਕਰਨ ਦੀ ਦਰਾਂ ਬਹੁਤ ਘੱਟ ਹੈ, ਉੱਥੇ ਹੀ ਸਥਿਤੀ ਬੇਹੱਦ ਖਰਾਬ ਹੈ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਡੈਲਟਾ ਵੈਰੀਐਂਟ ਵਧੇਰੇ ਛੂਤਕਾਰੀ ਹੈ, ਇਸ ਲਈ ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ।