ਦੱਖਣੀ ਅਫਰੀਕਾ ਵਿੱਚ ਕੋਰੋਨਾ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਮਿਲਣ ਤੋਂ ਬਾਅਦ ਦੁਨੀਆ ਭਰ ਵਿੱਚ ਤੜਥੱਲੀ ਮਚ ਗਈ ਹੈ। ਜਿਸਦੇ ਮੱਦੇਨਜ਼ਰ ਵੱਖ-ਵੱਖ ਦੇਸ਼ਾਂ ਵੱਲੋਂ ਸਾਵਧਾਨੀ ਦੇ ਤੌਰ ‘ਤੇ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸੇ ਵਿਚਾਲੇ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ WHO ਦਾ ਬਿਆਨ ਸਾਹਮਣੇ ਆਇਆ ਹੈ। ਇਸ ਸਬੰਧੀ WHO ਨੇ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕੀ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ‘ਓਮੀਕ੍ਰੋਨ’, ਡੈਲਟਾ ਵੇਰੀਐਂਟ ਸਣੇ ਹੋਰ ਵੈਰੀਐਂਟਾਂ ਦੀ ਤੁਲਨਾ ਵਿੱਚ ਜ਼ਿਆਦਾ ਛੂਤਕਾਰੀ ਹੈ ।
WHO ਨੇ ਕਿਹਾ ਕਿ ਇਸ ਬਾਰੇ ਵਿੱਚ ਫਿਲਹਾਲ ਕੋਈ ਜਾਣਕਾਰੀ ਉਪਬਲੱਧ ਨਹੀਂ ਹੈ, ਜੋ ਇਹ ਦੱਸਦੀ ਹੋਵੇ ਕਿ ਓਮੀਕ੍ਰੋਨ ਨਾਲ ਜੁੜੇ ਲੱਛਣ ਹੋਰ ਵੇਰੀਐਂਟਾਂ ਦੀ ਤੁਲਨਾ ਵਿਚ ਵੱਖ ਹਨ। WHO ਦਾ ਕਹਿਣਾ ਹੈ ਕਿ ਓਮੀਕ੍ਰੋਨ ਵੈਰੀਐਂਟ ਦੀ ਗੰਭੀਰਤਾ ਦਾ ਪੱਧਰ ਸਮਝਣ ਵਿੱਚ ਕਈ ਦਿਨਾਂ ਤੋਂ ਲੈ ਕੇ ਕਈ ਹਫ਼ਤਿਆਂ ਤੱਕ ਦਾ ਸਮਾਂ ਲੱਗੇਗਾ।
ਇਹ ਵੀ ਪੜ੍ਹੋ: ਓਮੀਕ੍ਰੋਨ ਦਾ ਖੌਫ, ਇਟਲੀ ਨੇ 7 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਆਵਾਜਾਈ ‘ਤੇ ਲਗਾਈ ਰੋਕ
WHO ਨੇ ਦੁਨੀਆ ਭਰ ਦੇ ਹੋਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਓਮੀਕ੍ਰੋਨ ਨੂੰ ਲੈ ਕੇ ਚਿੰਤਾ ਕਾਰਨ ਦੱਖਣੀ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀਆਂ ਨਾ ਲਗਾਉਣ । ਅਫਰੀਕਾ ਲਈ WHO ਦੇ ਖੇਤਰੀ ਨਿਰਦੇਸ਼ਕ ਮਾਤਿਸ਼ਦਿਸੋ ਮੋਏਤੀ ਨੇ ਦੇਸ਼ਾਂ ਨੂੰ ਯਾਤਰਾ ਪਾਬੰਦੀਆਂ ਦੀ ਵਰਤੋਂ ਕਰਨ ਤੋਂ ਬਚਣ ਲਈ ਵਿਗਿਆਨ ਅਤੇ ਅੰਤਰਰਾਸ਼ਟਰੀ ਸਿਹਤ ਨਿਯਮਾਂ ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ ।
ਦੱਸ ਦੇਈਏ ਕਿ ਇਸ ਸਬੰਧੀ WHO ਦੇ ਡਾਇਰੈਕਟਰ ਜਨਰਲ ਟੇਡਰੋਸ ਅਦਾਨੋਮ ਗ੍ਰੇਬੇਯਸਸ ਨੇ ਕਿਹਾ ਕਿ ਅਸੀਂ ਟੀਕਾਕਰਨ ਵਿੱਚ ਸਮਾਨਤਾ ਲਿਆਉਣ ਵਿੱਚ ਜਿੰਨੀ ਦੇਰੀ ਕਰਾਂਗੇ, ਅਸੀਂ ਕੋਵਿਡ-19 ਨੂੰ ਓਨਾ ਹੀ ਫੈਲਣ, ਓਨਾ ਹੀ ਰੂਪ ਬਦਲਣ ਅਤੇ ਹੋਰ ਜ਼ਿਆਦਾ ਖ਼ਤਰਨਾਕ ਬਣਨ ਦੀ ਇਜਾਜ਼ਤ ਦੇਵਾਂਗੇ। ਉਨ੍ਹਾਂ ਕਿਹਾ ਕਿ WHO ਦੁਨੀਆ ਭਰ ਦੇ ਵਿਗਿਆਨੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਓਮੀਕ੍ਰੋਨ ਸੰਕ੍ਰਮਣ ਦੇ ਮੁੱਖ ਪਹਿਲੂਆਂ ਅਤੇ ਇਸ ਦੇ ਪ੍ਰਭਾਵ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: