WHO warns one in four people: ਨਵੀਂ ਦਿੱਲੀ: ਵਿਸ਼ਵ ਭਰ ਵਿੱਚ ਵੱਧ ਰਹੀ ਆਬਾਦੀ ਦੇ ਨਾਲ ਲੋਕਾਂ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਵੀ ਸਾਹਮਣੇ ਆ ਰਹੀਆਂ ਹਨ। ਹੁਣ ਅਜਿਹੀ ਇੱਕ ਚੇਤਾਵਨੀ ਵਿਸ਼ਵ ਸਿਹਤ ਸੰਗਠਨ (WHO)ਵੱਲੋਂ ਜਾਰੀ ਕੀਤੀ ਗਈ ਹੈ। WHO ਅਨੁਸਾਰ 2050 ਤੱਕ ਦੁਨੀਆਂ ਵਿੱਚ ਹਰ 4 ਵਿੱਚੋਂ ਇੱਕ ਵਿਅਕਤੀ ਨੂੰ ਸੁਣਨ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸਦਾ ਮਤਲਬ ਇਹ ਹੈ ਕਿ 2050 ਤੱਕ ਲੋਕਾਂ ਦੀ ਸੁਣਨ ਦੀ ਸਮਰੱਥਾ ਵਿੱਚ ਕਮੀ ਆਵੇਗੀ। ਮੰਗਲਵਾਰ ਨੂੰ ਇਸ ਸਬੰਧ ਵਿੱਚ ਇੱਕ ਚੇਤਾਵਨੀ ਜਾਰੀ ਕਰਦਿਆਂ WHO ਨੇ ਇਸ ਸਮੱਸਿਆ ਦੇ ਹੱਲ ਲਈ ਇਲਾਜ ਅਤੇ ਰੋਕਥਾਮ ਲਈ ਵਧੇਰੇ ਨਿਵੇਸ਼ ਕਰਨ ਦਾ ਸੁਝਾਅ ਦਿੱਤਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਇਸ ਸਮੱਸਿਆ ਨੂੰ ਕਈ ਕਾਰਨਾਂ ‘ਤੇ ਧਿਆਨ ਦੇ ਕੇ ਰੋਕਿਆ ਜਾ ਸਕਦਾ ਹੈ। ਉਸਦੇ ਅਨੁਸਾਰ ਇਨ੍ਹਾਂ ਵਿੱਚ ਇਨਫੈਕਸ਼ਨ, ਜਨਮ ਦੌਰਾਨ ਸੁਣਨ ਦੀਆਂ ਸਮੱਸਿਆਵਾਂ, ਬਿਮਾਰੀ, ਦੁਨੀਆ ਵਿੱਚ ਵੱਧ ਰਹੇ ਸ਼ੋਰ ਦੀ ਸਮੱਸਿਆ ਅਤੇ ਜੀਵਨ ਸ਼ੈਲੀ ਬਦਲਣ ਵਰਗੇ ਕਾਰਨ ਸ਼ਾਮਿਲ ਹਨ। WHO ਨੇ ਇਸ ਸਮੱਸਿਆ ਤੋਂ ਬਚਾਉਣ ਲਈ ਇੱਕ ਵਿਸ਼ੇਸ਼ ਪੈਕੇਜ ਦਾ ਵੀ ਪ੍ਰਸਤਾਵ ਦਿੱਤਾ ਹੈ। ਉਸਦੇ ਅਨੁਸਾਰ ਇਸ ਪੈਕੇਜ ਦੇ ਤਹਿਤ ਪ੍ਰਤੀ ਵਿਅਕਤੀ ਪ੍ਰਤੀ ਸਾਲ ਤਕਰੀਬਨ 1.33 ਡਾਲਰ ਦੀ ਲਾਗਤ ਆਵੇਗੀ। ਜੇ ਇਹ ਸਮੱਸਿਆ ਵਧਦੀ ਹੈ ਤਾਂ ਦੁਨੀਆ ਨੂੰ ਹਰ ਸਾਲ ਲਗਭਗ 1 ਲੱਖ ਕਰੋੜ ਡਾਲਰ ਦਾ ਨੁਕਸਾਨ ਹੋ ਸਕਦਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਕਦਮ ਚੁੱਕਣ ਵਿੱਚ ਅਸਫਲਤਾ ਦਾ ਖਾਮਿਆਜ਼ਾ ਪ੍ਰਭਾਵਿਤ ਲੋਕਾਂ ਦੀ ਸਿਹਤ ਅਤੇ ਖੁਸ਼ਹਾਲੀ ‘ਤੇ ਅਸਰ ਦੇ ਰੂਪ ਵਿੱਚ ਸਾਹਮਣੇ ਆਵੇਗੀ। ਇਸ ਤੋਂ ਇਲਾਵਾ ਸਿੱਖਿਆ, ਨੌਕਰੀਆਂ ਅਤੇ ਸੰਚਾਰ ਤੋਂ ਉਨ੍ਹਾਂ ਦੇ ਵੱਖ ਹੋਣ ਕਾਰਨ ਵਿੱਤੀ ਸੰਕਟ ਵੀ ਪੈਦਾ ਹੋ ਸਕਦਾ ਹੈ। ਰਿਪੋਰਟ ਦੇ ਅਨੁਸਾਰ ਇਸ ਸਮੇਂ ਵਿਸ਼ਵ ਵਿੱਚ ਹਰ ਪੰਜ ਵਿੱਚੋਂ ਇੱਕ ਵਿਅਕਤੀ ਸੁਣਨ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਪਰ ਅਗਲੇ ਤਿੰਨ ਦਹਾਕਿਆਂ ਦੌਰਾਨ ਸੁਣਨ ਦੀ ਘਾਟ ਦੀ ਸਮੱਸਿਆ ਵਿਚੋਂ ਲੰਘ ਰਹੇ ਲੋਕਾਂ ਦੀ ਗਿਣਤੀ ਡੇਢ ਗੁਣਾ ਵਧ ਸਕਦੀ ਹੈ। ਇਸਦਾ ਅਸਰ ਦੁਨੀਆ ਵਿੱਚ 2.5 ਅਰਬ ਲੋਕਾਂ ‘ਤੇ ਪੈ ਸਕਦਾ ਹੈ।