World health organization tells : ਜਿਨੇਵਾ : ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕੋਵਿਡ -19 ਟੀਕੇ ਬਣਾਉਣ ਵਾਲੀਆਂ ਕੰਪਨੀਆਂ ਅਤੇ ਅਮੀਰ ਦੇਸ਼ਾਂ ਨੂੰ “ਦੁਵੱਲੇ ਸੌਦੇ ਕਰਨੇ ਬੰਦ ਕਰਨ” ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਟੀਕਿਆਂ ਤੱਕ ਹਰੇਕ ਦੀ ਪਹੁੰਚ ਯਕੀਨੀ ਬਣਾਉਣ ਲਈ ਸੰਯੁਕਤ ਰਾਸ਼ਟਰ ਦੇ ਯਤਨਾਂ ਨੂੰ ਠੇਸ ਪਹੁੰਚਾ ਰਹੇ ਹਨ। ਡਬਲਯੂਐਚਓ ਦੇ ਮੁਖੀ ਟੇਡਰੋਸ ਅਡਾਨੋਮ ਘੇਬਰਿਆਸ ਨੇ ਕਿਹਾ ਕਿ ਹੁਣ ਤੱਕ 42 ਦੇਸ਼ਾਂ ਨੇ ਟੀਕਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਉੱਚ-ਆਮਦਨੀ ਵਾਲੇ ਦੇਸ਼ ਅਤੇ ਕੁੱਝ ਮੱਧ-ਆਮਦਨੀ ਵਾਲੇ ਦੇਸ਼ ਸ਼ਾਮਿਲ ਹਨ। ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਨੂੰ ਸੱਦਾ ਦਿੱਤਾ ਜਿਨ੍ਹਾਂ ਕੋਲ ਵਧੇਰੇ ਟੀਕੇ ਉਪਲਬਧ ਹਨ ਕਿ ਉਹ ਕੋਵੈਕਸ ਸਹੂਲਤ ਲਈ ਟੀਕੇ ਮੁਹੱਈਆ ਕਰਵਾਉਣ, ਜਿਹੜਾ ਸੰਯੁਕਤ ਰਾਸ਼ਟਰ ਦੁਆਰਾ ਸਹਿਯੋਗੀ ਪ੍ਰੋਜੈਕਟ ਹੈ। ਉਨ੍ਹਾਂ ਨੇ ਜੇਨੀਵਾ ਵਿੱਚ ਪੱਤਰਕਾਰਾਂ ਨੂੰ ਦੱਸਿਆ, “ਅਸੀਂ ਦੋਵੇਂ ਉੱਚ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਨੂੰ ਵੀ ਵੇਖ ਰਹੇ ਹਾਂ ਜੋ ਕੋਵੈਕਸ ਦਾ ਹਿੱਸਾ ਹਨ, ਜੋ ਵਾਧੂ ਦੁਵੱਲੇ ਸੌਦੇ ਕਰ ਰਹੇ ਹਨ।”
ਉਨ੍ਹਾਂ ਨੇ ਕਿਹਾ ਕਿ ਇਹ ਸੰਭਾਵਤ ਤੌਰ ਤੇ ਸਾਰਿਆਂ ਲਈ ਟੀਕਿਆਂ ਦੀ ਕੀਮਤ ਵਿੱਚ ਵਾਧਾ ਕਰੇਗਾ ਅਤੇ ਇਸਦਾ ਅਰਥ ਇਹ ਹੈ ਕਿ ਸਭ ਤੋਂ ਗਰੀਬ ਅਤੇ ਸਭ ਤੋਂ ਵੱਧ ਪੱਛੜੇ ਦੇਸ਼ਾਂ ਵਿੱਚ ਲੋਕ ਟੀਕੇ ਨਹੀਂ ਲਗਵਾ ਸਕਣਗੇ। ”ਡਬਲਯੂਐਚਓ ਦੇ ਡਾਇਰੈਕਟਰ ਜਨਰਲ ਨੇ ਕਿਹਾ,“ਮੈ ਇਨ੍ਹਾਂ ਦੇਸ਼ਾਂ ਅਤੇ ਨਿਰਮਾਤਾਵਾਂ ਨੂੰ ਦੁਵੱਲੇ ਸੌਦੇ ਨਹੀਂ ਕਰਨ ਦੀ ਬੇਨਤੀ ਕਰਦਾ ਹਾਂ।” ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮਾਹਿਰਾਂ ਨੇ ਸੁਝਾਅ ਦਿੱਤਾ ਕਿ ਫਾਈਜ਼ਰ-ਬਾਇਓਨੋਟੈਕ ਦੀ ਐਂਟੀ-ਕੋਵਿਡ -19 ਟੀਕੇ ਦੀਆਂ ਦੋ ਖੁਰਾਕਾਂ ਵਿਚਕਾਰ ਅੰਤਰਾਲ ਛੇ ਹਫ਼ਤਿਆਂ ਤੱਕ ਵਧਾਇਆ ਜਾ ਸਕਦਾ ਹੈ। ਟੀਕਾਕਰਣ ਬਾਰੇ ਡਬਲਯੂਐਚਓ ਦੇ ਮਾਹਿਰ ਰਣਨੀਤਕ ਸਲਾਹਕਾਰ ਸਮੂਹ ਨੇ ਟੀਕੇ ਦੀ ਪੂਰੀ ਸਮੀਖਿਆ ਤੋਂ ਬਾਅਦ ਇਸ ਦੀ ਸਲਾਹ ਨੂੰ ਰਸਮੀ ਤੌਰ ‘ਤੇ ਪ੍ਰਕਾਸ਼ਤ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਟੀਕਿਆਂ ਦੀਆਂ ਖੁਰਾਕਾਂ ਵਿੱਚ 21 ਤੋਂ 28 ਦਿਨਾਂ ਦਾ ਅੰਤਰ ਹੋ ਸਕਦਾ ਹੈ।