ਚੰਡੀਗੜ੍ਹ ਪ੍ਰਸ਼ਾਸਨ ਨੇ ਭਲਕੇ-ਐਤਵਾਰ ਨੂੰ ਅਹਿਮਦਾਬਾਦ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ-2023 ਦੇ ਫਾਈਨਲ ਮੈਚ ਸਬੰਧੀ ਜਾਰੀ ਹੁਕਮਾਂ ’ਤੇ ਯੂ-ਟਰਨ ਲੈ ਲਿਆ ਹੈ। ਪ੍ਰਸ਼ਾਸਨ ਨੇ 24 ਘੰਟਿਆਂ ਦੇ ਅੰਦਰ ਸ਼ਹਿਰ ਵਿੱਚ ਹਰ ਤਰ੍ਹਾਂ ਦੇ ਜਸ਼ਨ ਮਨਾਉਣ ‘ਤੇ ਪਾਬੰਦੀ ਦੇ ਹੁਕਮ ਵਾਪਸ ਲੈ ਲਏ ਹਨ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਨੀਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਨਵੇਂ ਹੁਕਮਾਂ ਮੁਤਾਬਕ ਹੁਣ ਸ਼ਹਿਰ ਦੇ ਕਿਸੇ ਵੀ ਜਨਤਕ ਸਥਾਨ ‘ਤੇ ਵੱਡੀ ਸਕ੍ਰੀਨ ਲਗਾ ਕੇ ਮੈਚ ਦੇਖੇ ਅਤੇ ਦਿਖਾਏ ਜਾ ਸਕਦੇ ਹਨ। ਇਸ ਓਪਨ ਸਕ੍ਰੀਨ ਨੂੰ ਲਗਾਉਣ ਲਈ ਚੰਡੀਗੜ੍ਹ ਦੇ ਡੀਸੀ ਦਫ਼ਤਰ ਵਿੱਚ ਸ਼ਨੀਵਾਰ ਸ਼ਾਮ 7 ਵਜੇ ਤੱਕ ਇਜਾਜ਼ਤ ਲਈ ਜਾ ਸਕਦੀ ਹੈ।
ਇਸ ਤੋਂ ਇਲਾਵਾ ਚੰਡੀਗੜ੍ਹ ਦੇ ਡੀਸੀ ਵਿਨੈ ਪ੍ਰਤਾਪ ਸਿੰਘ ਨੇ ਫਾਈਨਲ ਮੈਚ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਮਿਊਜ਼ਿਕ ਸਿਸਟਮ ਵਜਾ ਕੇ ਜਸ਼ਨ ਮਨਾਉਣ ‘ਤੇ ਲਗਾਈ ਪਾਬੰਦੀ ਵੀ ਵਾਪਸ ਲੈ ਲਈ ਹੈ। ਡੀਸੀ ਦੇ ਨਵੇਂ ਹੁਕਮਾਂ ਅਨੁਸਾਰ ਹੁਣ ਚੰਡੀਗੜ੍ਹ ਵਿੱਚ ਸ਼ੋਰ ਪ੍ਰਦੂਸ਼ਣ ਨਿਯਮ-2000 ਤਹਿਤ ਡੀਜੇ, ਢੋਲ, ਢੋਲ ਅਤੇ ਕਾਰ ਮਿਊਜ਼ਿਕ ਸਿਸਟਮ ਆਦਿ ਵਜਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਰਾਤ 10 ਵਜੇ ਤੋਂ ਬਾਅਦ ਵੀ ਜਨਤਕ ਥਾਵਾਂ ‘ਤੇ ਲਗਾਈਆਂ ਗਈਆਂ ਸਕ੍ਰੀਨਾਂ ‘ਤੇ ਆਮ ਆਵਾਜ਼ ਨਾਲ ਮੈਚ ਦੇਖਿਆ ਅਤੇ ਦਿਖਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਮੁਕੰਮਲ, 5 ਰਾਜਾਂ ‘ਚ ਇਲੈਕਸ਼ਨ ਮਗਰੋਂ ਹੋ ਸਕਦੈ ਐਲਾਨ
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਫਾਈਨਲ ਮੈਚ ਨੂੰ ਲੈ ਕੇ ਐਤਵਾਰ ਨੂੰ ਸ਼ਹਿਰ ‘ਚ ਅੰਸ਼fਕ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ। ਉਨ੍ਹਾਂ ਹੁਕਮਾਂ ਮੁਤਾਬਕ ਸ਼ਹਿਰ ਦੇ ਕਿਸੇ ਵੀ ਜਨਤਕ ਸਥਾਨ ‘ਤੇ ਖੁੱਲ੍ਹੇਆਮ ਸਕ੍ਰੀਨਾਂ ਲਗਾ ਕੇ ਮੈਚ ਦਿਖਾਉਣ ‘ਤੇ ਪਾਬੰਦੀ ਲਗਾਈ ਗਈ ਸੀ। ਇੰਨਾ ਹੀ ਨਹੀਂ ਕਿਸੇ ਵੀ ਤਰ੍ਹਾਂ ਦਾ ਸੰਗੀਤ ਵਜਾਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਇਨ੍ਹਾਂ ਹੁਕਮਾਂ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੀ ਚਾਰੇ ਪਾਸੇ ਆਲੋਚਨਾ ਹੋਣ ਲੱਗੀ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਸਿਰਫ਼ 24 ਘੰਟਿਆਂ ਵਿੱਚ ਹੀ ਇਹ ਹੁਕਮ ਵਾਪਸ ਲੈ ਲਏ।
ਵੀਡੀਓ ਲਈ ਕਲਿੱਕ ਕਰੋ : –