ਦੇਸ਼ ਦੀ ਸਭ ਤੋਂ ਬਜ਼ੁਰਗ ਐਥਲੀਟ ਮਾਨ ਕੌਰ ਨੂੰ ਸਿਹਤ ਖਰਾਬ ਹੋਣ ਕਾਰਨ ਬੀਤੇ ਦਿਨ ਡੇਰਾਬੱਸੀ ਦੇ ਪਿੰਡ ਦੇਵੀਨਗਰ ਵਿਖੇ ਆਯੁਰਵੈਦਿਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਦੌਰਾਨ ਐਥਲੀਟ ਦੇ ਪੁੱਤਰ ਗੁਰਦੇਵ ਸਿੰਘ ਉਨ੍ਹਾਂ ਦੇ ਨਾਲ ਹਨ। ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਗਾਲ ਬਲੈਡਰ ਦੇ ਕੈਂਸਰ ਤੋਂ ਪੀੜਤ ਹੈ, ਜਿਸ ਦਾ ਇਲਾਜ ਕਰਵਾਉਣ ਲਈ ਉਹ ਇਥੇ ਆਏ ਹਨ। ਉਨ੍ਹਾਂ ਦੇ ਸਰੀਰ ਵਿੱਚ ਬਹੁਤ ਕਮਜ਼ੋਰੀ ਆ ਚੁੱਕੀ ਹੈ ਅਤੇ ਕੈਂਸਰ ਲੀਵਰ ਤੱਕ ਫੈਲ ਗਿਆ ਹੈ। ਰੀੜ੍ਹ ਦੀ ਹੱਡੀ ਵਿਚ ਵੀ ਦਿੱਕਤ ਆਉਣ ਕਾਰਨ ਉਹ ਤੁਰ-ਫਿਰ ਨਹੀਂ ਪਾ ਰਹੇ। ਉਹ ਉਨ੍ਹਾਂ ਦਾ ਆਯੁਰਵੈਦਿਕ ਢੰਗ ਨਾਲ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ।
ਦੱਸਣਯੋਗ ਹੈ ਕਿ ਉਨ੍ਹਾਂ ਨੇ 93 ਸਾਲ ਦੀ ਉਮਰ ਵਿਚ ਦੌੜਨਾ ਸ਼ੁਰੂ ਕੀਤਾ। 105 ਸਾਲਾ ਐਥਲੀਟ ਮਾਨ ਕੌਰ ਕੌਮਾਂਤਰੀ ਪੱਧਰ ’ਤੇ 35 ਤੋਂ ਵੀ ਜ਼ਿਆਦਾ ਵੱਖ-ਵੱਖ ਇਵੈਂਟ ਵਿਚ ਮੈਡਲ ਜਿੱਤ ਚੁੱਕੀ ਹੈ। ਉਨ੍ਹਾਂ ਨੇ ਅਪਣੇ ਨਾਂ ਕਈ ਰਿਕਾਰਡ ਦਰਜ ਕਰਕੇ ਦੇਸ਼ ਦਾ ਮਾਣ ਵਧਾਇਆ ਹੈ।
ਇਸ ਦੇ ਚੱਲਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਵੀ ਕੀਤਾ ਸੀ। ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਇਕ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹੱਥ ਜੋੜ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਲਈ ਨਵੇਂ ਹੁਕਮ, ਈ-ਆਫਿਸ ‘ਤੇ ਹੋਵੇਗਾ ਕੰਮ