ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮਾ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਅੱਜ 11ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕਾ ਹੈ।
ਅੱਜ 2 ਜੁਲਾਈ ਨੂੰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੇ ਅਹੁਦੇਦਾਰਾਂ ਅਮਿਤ ਅਰੋੜਾ ਸੂਬਾ ਵਧੀਕ ਜਨਰਲ ਸਕੱਤਰ, ਵਿੱਕੀ ਜੁਨੇਜਾ ਚੇਅਰਮੈਨ, ਜਿਲ੍ਹਾ PSMSU ਲੁਧਿਆਣਾ ਪ੍ਰਧਾਨ ਰਣਜੀਤ ਸਿੰਘ, ਜਿਲ੍ਹਾ ਵਰਕਿੰਗ ਪ੍ਰਧਾਨ ਸੰਜੀਵ ਭਾਰਗਵ, ਜਨਰਲ ਸਕੱਤਰ ਏ.ਪੀ. ਮੋਰੀਆ ਅਤੇ ਵਿੱਤ ਸਕੱਤਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਡੀ.ਸੀ. ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ। ਜਿਸ ਵਿੱਚ ਸਮੂਹ ਵਿਭਾਗਾਂ ਦੇ ਮੁਲਾਜ਼ਮ ਸ਼ਾਮਿਲ ਹੋਏ ।
ਵਿਸ਼ਾਲ ਇਕੱਠ ਨੂੰ ਸੰਬੋਧਿਤ ਕਰਦੇ ਹੋਏ PSMSU ਦੇ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਪੇਅ ਕਮਿਸ਼ਨ ਦੀ ਰਿਪੋਰਟ ਦੀ ਨਿਖੇਧੀ ਕੀਤੀ ਅਤੇ ਸਰਕਾਰ ਵੱਲੋਂ ਕਰਮਚਾਰੀਆਂ ‘ਤੇ ਜੋ ਤਨਖਾਹ ਫਿਕਸ ਕਰਨ ਦਾ ਫਾਰਮੂਲਾ ਲਗਵਾਇਆ ਗਿਆ ਉਸ ਨੂੰ ਵੀ ਗਲਤ ਠਹਿਰਾਇਆ। ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਵੱਲੋਂ ਵੱਖ-ਵੱਖ ਵਿਭਾਗਾਂ ਵੱਲੋਂ ਸ਼ਾਮਿਲ ਹੋਏ ਮੁਲਾਜ਼ਮਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਕਿਹਾ ਕਿ ਸਾਡੀ ਸਟੇਟ ਬਾਡੀ ਸਰਕਾਰ ਦੇ ਇਸ ਫਾਰਮੂਲੇ ਖਿਲਾਫ ਅਗਲਾ ਐਕਸ਼ਨ ਦਵੇਗੀ। ਅਸੀਂ ਉਸ ਨੂੰ ਸਾਰਿਆਂ ਦੇ ਸਹਿਯੋਗ ਨਾਲ ਪੂਰੇ ਜ਼ਿਲ੍ਹੇ ਵਿੱਚ ਲਾਗੂ ਕਰਾਂਗੇ।
ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਏਪੀ ਮੋਰੀਆ ਵੱਲੋਂ ਕਰੜੇ ਸ਼ਬਦਾਂ ਵਿੱਚ ਸਰਕਾਰ ਦੀ ਨਿਖੇਧੀ ਕੀਤੀ। ਅਮਿਤ ਅਰੋੜਾ ਨੇ ਕਿਹਾ ਕਿ ਮਿਤੀ 1 ਜੁਲਾਈ ਨੂੰ ਸਰਕਾਰ ਵੱਲੋਂ ਗਠਿਤ ਕੀਤੀ ਗਈ ਆਈਏਐਸ ਅਧਿਕਾਰੀਆਂ ਦੀ ਕਮੇਟੀ ਨਾਲ ਸੂਬਾ ਕਾਰਜਕਾਰੀ ਕਮੇਟੀ ਦੇ ਸੂਬਾਈ ਆਗੂਆਂ ਨੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਆਪਣੀ ਮੰਗਾਂ ਸਬੰਧੀ ਵਿਚਾਰ ਰੱਖੇ, ਜਿਸ ਵਿੱਚ ਮੁੱਖ ਤੌਰ ‘ਤੇ ਪੇਅ ਕਮਿਸ਼ਨ ਰਿਪੋਰਟ ਵਿੱਚ ਦਰਸਾਏ ਗਏ 2.25 ਦੇ ਗੁਣਾਂਕ ਨੂੰ ਸਿਰੇ ਤੋਂ ਰੱਦ ਕਰਦੇ ਹੋਏ 3.01 ਦੇ ਗੁਣਾਂਕ ਨਾਲ ਤਨਖਾਹਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਅਧਿਕਾਰੀਆਂ ਵੱਲੋਂ ਵਿਸ਼ਵਾਸ਼ ਦਵਾਇਆ ਗਿਆ ਕਿ ਇਹ ਮੰਗਾਂ ਕਮੇਟੀ ਆਫ ਮਨਿਸਟਰਜ਼ ਅੱਗੇ ਪੇਸ਼ ਕੀਤੀਆਂ ਜਾਣਗੀਆਂ ਅਤੇ ਜਲਦੀ ਹੀ ਕਮੇਟੀ ਆਫ ਮਨਿਸਟਰਜ਼ ਨਾਲ ਮੀਟਿੰਗ ਕਰਵਾਉਂਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਸਬੰਧੀ ਸੰਜੀਵ ਭਾਰਗਵ, ਵਰਕਿੰਗ ਪ੍ਰਧਾਨ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਜੋ ਵੀ ਐਕਸ਼ਨ ਉਲੀਕੀਆ ਜਾਵੇਗਾ, ਉਸ ਨੂੰ ਜ਼ਿਲ੍ਹਾ ਕਮੇਟੀ ਇਨ-ਬਿਨ ਲਾਗੂ ਕਰੇਗੀ । ਇਸ ਮੌਕੇ ਸੁਨੀਲ ਕੁਮਾਰ ਵਿੱਤ ਸਕੱਤਰ ਨੇ ਕਿਹਾ ਕਿ ਅਸੀਂ ਪੇਅ ਕਮਿਸ਼ਨ ਵਿੱਚ ਸੋਧ ਕਰਵਾਏ ਬਿਨਾਂ ਆਪਣੇ ਸੰਘਰਸ਼ ਵਾਪਿਸ ਨਹੀਂ ਲਵਾਂਗੇ ਜਿਸ ਵਿੱਚ ਸੰਘਰਸ਼ਾਂ ਦੀ ਰੂਪ-ਰੇਖਾ ਕੋਈ ਵੀ ਹੋ ਸਕਦੀ ਹੈ।
ਪੁਰਾਣੀ ਪੈਂਨਸ਼ਨ ਬਹਾਲੀ ਦੀ ਮੰਗ ਨੂੰ ਦੁਹਰਾਂਉਂਦੇ ਹੋਏ ਸੰਦੀਪ ਭਾਂਬਕ ਪੀ.ਡਬਲਯੂ.ਡੀ. ਅਤੇ ਰਾਕੇਸ਼ ਕੁਮਾਰ ਸਿਵਲ ਸਰਜਨ ਦਫਤਰ ਲੁਧਿਆਣਾ ਨੇ ਕਿਹਾ ਕਿ ਮੁਲਾਜ਼ਮਾਂ ਦੇ ਭਵਿੱਖ ਅਤੇ ਆਉਣ ਵਾਲੀ ਪੀੜੀ ਦੇ ਉਤਸ਼ਾਹ ਵਧਾਉਣ ਲਈ ਪੁਰਾਣੀ ਪੈਨਸ਼ਨ ਬਹੁਤ ਜਰੂਰੀ ਹੈ। ਪੁਰਾਣੀ ਪੈਨਸ਼ਨ ਸਕੀਮ ਮੁੜ ਬਹਾਲ ਕਰਨ ਨਾਲ ਇਹ ਪੈਸਾ ਸਰਕਾਰ ਦੇ ਖਜ਼ਾਨੇ ਵਿੱਚ ਹੀ ਰਹੇਗਾ, ਜਦਕਿ ਨਵੀਂ ਪੈਨਸ਼ਨ ਸਕੀਮ ਅਧੀਨ ਕੱਟਿਆ ਜਾਂਦਾ ਪੈਸਾ ਸ਼ੇਅਰ ਬਜ਼ਾਰ ਵਿੱਚ ਲਗਾਇਆ ਜਾਂਦਾ ਹੈ, ਜੋ ਕਿ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਹੀ ਫਾਇਦਾ ਪਹੁੰਚਾ ਰਿਹਾ ਹੈ । ਇਸ ਲਈ ਸਰਕਾਰ ਦਾ ਖਜ਼ਾਨਾ ਦਰੁੱਸਤ ਕਰਨ ਅਤੇ ਮੁਲਾਜ਼ਮਾਂ ਦਾ ਪੈਸਾ ਸੁਰੱਖਿਅਤ ਰੱਖਣ ਲਈ ਪੁਰਾਣੀ ਪੈਨਸ਼ਨ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ : ਬਿਜਲੀ ਦੀ ਕਿੱਲਤ ਦੌਰਾਨ ਮੁਲਾਜ਼ਮਾਂ ਦੀ ਹੜਤਾਲ ਨੇ ਸੁਕਣੇ ਪਾਏ ਪੰਜਾਬੀ, 14-14 ਘੰਟੇ ਲੱਗ ਰਹੇ ਕੱਟ, ਝੋਨਾ ਲਾਉਣ ਵਾਲੇ ਕਿਸਾਨਾਂ ਦੇ ਹੋਰ ਵੀ ਮੰਦੇਹਾਲ
ਇਸ ਮੌਕੇ ਜਿਲ੍ਹਾ ਖਜ਼ਾਨਾ ਦਫਤਰ ਤੋਂ ਤਜਿੰਦਰ ਸਿੰਘ ਅਤੇ ਲਖਵੀਰ ਸਿੰਘ ਗਰੇਵਾਲ, ਖੁਰਾਕ ਅਤੇ ਸਿਵਲ ਸਪਲਾਈ ਤੋਂ ਧਰਮ ਸਿੰਘ, ਡੀਸੀ ਦਫਤਰ ਤੋਂ ਸੁਖਪਾਲ ਸਿੰਘ, ਵਾਟਰ ਸਪਲਾਈ ਤੋਂ ਸਤਿੰਦਰ ਪਾਲ ਸਿੰਘ, ਸਿੱਖਿਆ ਵਿਭਾਗ ਤੋਂ ਸਤਪਾਲ ਸਿੰਘ, ਐੱਮ.ਐੱਲ.ਟੀ ਯੂਨੀਅਨ ਵੱਲੋਂ ਵਿਜੈ ਕੁਮਾਰ, ਪੰਜਾਬ ਰੋਡਵੇਜ਼ ਤੋਂ ਪਰਮਜੀਤ ਸਿੰਘ, ਸਹਿਕਾਰਤਾ ਵਿਭਾਗ ਤੋਂ ਜਗਤਾਰ ਸਿੰਘ ਰਾਜੋਆਣਾ ਅਤੇ ਗੁਰਮੀਤ ਸਿੰਘ, ਅਤੇ ਜ਼ੋਰਾ ਸਿੰਘ ਪ੍ਰਧਾਨ ਦਰਜਾ-4 ਅਤੇ ਵੱਖ-ਵੱਖ ਵਿਭਾਗਾਂ ਤੋਂ ਹੋਰ ਸਾਥੀ ਮੌਜੂਦ ਰਹੇ।