122 detained in January 26 violence : ਨਵੀਂ ਦਿੱਲੀ : 26 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਦੌਰਾਨ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ 120 ਲੋਕਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਿੱਚ ਛੇ ਬਜ਼ੁਰਗ ਵੀ ਸ਼ਾਮਲ ਹਨ। ਇਸ ਸੂਚੀ ਵਿੱਚ ਆਮ ਲੋਕਾਂ ਨੂੰ “ਨਾਜਾਇਜ਼ ਨਜ਼ਰਬੰਦਾਂ” ਅਤੇ ਲਾਪਤਾ ਹੋਏ ਕਿਸਾਨਾਂ ਬਾਰੇ ਫੈਲਾਈਆਂ ਜਾ ਰਹੀਆਂ “ਅਫਵਾਹਾਂ” ਬਾਰੇ ਵੀ ਚਿਤਾਵਨੀ ਦਿੱਤੀ ਗਈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਪੰਜਾਬ ਦੇ ਫਤਿਹਗੜ ਸਾਹਿਬ ਦੇ ਪਿੰਡ ਸ਼ਨਾਸ਼ਪੁਰੀ ਦਾ 80 ਸਾਲਾ ਗੁਰਮੁਖ ਸਿੰਘ, ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਖਨੌਰੀ ਕਲਾਂ ਪਿੰਡ ਦਾ 70 ਸਾਲਾ ਜੀਤ ਸਿੰਘ, ਮਾਨਸਾ ਜ਼ਿਲ੍ਹੇ ਦੇ ਬੋਹਾ ਪਿੰਡ ਦਾ 63 ਸਾਲਾ ਜੋਗਿੰਦਰ ਸਿੰਘ, ਧਨਸਾ ਪਿੰਡ ਦਾ 63 ਸਾਲਾ ਧਰਮਪਾਲ, ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਬਹਾਦੁਰਗੜ ਵਿੱਚ ਅਸ਼ੋਧਾ ਪਿੰਡ ਦਾ 62 ਸਾਲਾ ਦਇਆ ਕਿਸ਼ਨ ਅਤੇ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਰਿਥਲ ਪਿੰਡ ਦਾ 60 ਸਾਲਾ ਜਗਬੀਰ ਸ਼ਾਮਲ ਹੈ।
ਇਸ ਸੂਚੀ ਵਿਚ ਮੁਖਰਜੀ ਨਗਰ, ਨੰਗਲੋਈ, ਉੱਤਮ ਨਗਰ, ਨਜਫਗੜ, ਸੀਮਾਪੁਰੀ, ਬਾਬਾ ਹਰਿਦਾਸ ਨਗਰ, ਪਛਮੀ ਵਿਹਾਰ ਪੱਛਮ, ਅਲੀ ਪੁਰ ਆਉਟਰ ਉੱਤਰ ਅਤੇ ਮੁੰਡਕਾ ਆਉਟਰ ਜ਼ਿਲ੍ਹਾ ਪੁਲਿਸ ਥਾਣਿਆਂ ਵਿਚ ਦਰਜ ਐਫਆਈਆਰਜ਼ ਵਿਚ ਫੜੇ ਗਏ ਲੋਕਾਂ ਦੇ ਨਾਮ ਸ਼ਾਮਲ ਹਨ। ਦਿੱਲੀ ਪੁਲਿਸ ਨੇ ਆਪਣੀ ਤਰਫੋਂ ਲੋਕਾਂ ਨੂੰ “ਨਾਜਾਇਜ਼ ਹਿਰਾਸਤ” ਅਤੇ ਲਾਪਤਾ ਹੋਏ ਕਿਸਾਨਾਂ ਬਾਰੇ ਫੈਲਾਈਆਂ ਜਾ ਰਹੀਆਂ “ਅਫਵਾਹਾਂ” ਬਾਰੇ ਚੇਤਾਵਨੀ ਦਿੱਤੀ। ਉਨ੍ਹਾਂ ਨੇ ਇੱਕ ਟਵਿੱਟਰ ਪੋਸਟ ਵਿੱਚ ਕਿਹਾ: “ਕਿਸੇ ਨੂੰ ਵੀ ਨਾਜਾਇਜ਼ ਤੌਰ‘ਤੇ ਪੁਲਿਸ ਨੇ ਹਿਰਾਸਤ ਵਿੱਚ ਨਹੀਂ ਲਿਆ ਹੈ। ਦਿੱਲੀ ਪੁਲਿਸ ਦੇ ਪੀਆਰਓ ਈਸ਼ ਸਿੰਘਲ ਨੇ ਕਿਹਾ ਕਿ 44 ਐਫਆਈਆਰ ਦਰਜ ਕੀਤੀਆਂ ਗਈਆਂ ਸਨ ਅਤੇ 122 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਫੜੇ ਗਏ ਦੋ ਵਿਅਕਤੀਆਂ ਦੇ ਨਾਮ ਜਾਰੀ ਨਹੀਂ ਕੀਤੇ ਗਏ ਸਨ, ਕਿਉਂਕਿ ਉਹ 18 ਸਾਲ ਤੋਂ ਘੱਟ ਉਮਰ ਦੇ ਹਨ।
ਦੱਸਣਯੋਗ ਹੈਕਿ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਹੋਈ ਹਿੰਸਾ ਦੌਰਾਨ ਕੁੱਲ 394 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਅਤੇ 30 ਦੇ ਲਗਭਗ ਪੁਲਿਸ ਵਾਹਨ ਨੁਕਸਾਨੇ ਗਏ। ਇਸ ਵਿੱਚ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਨ੍ਹਾਂ ‘ਤੇ ਐਫਆਈਆਰਜ਼ ਆਈਪੀਸੀ ਦੀਆਂ ਧਾਰਾਵਾਂ ਤਹਿਤ ਦੰਗੇ, ਗੈਰਕਾਨੂੰਨੀ ਅਸੈਂਬਲੀ, ਸਰਕਾਰੀ ਨੌਕਰ ‘ਤੇ ਹਮਲਾ ਕਰਨ ਅਤੇ ਅੜਿੱਕਾ ਪਾਉਣ, ਕਤਲ ਦੀ ਕੋਸ਼ਿਸ਼, ਡਕੈਤੀ ਅਤੇ ਲੁੱਟ ਖੋਹ ਦੀਆਂ ਧਾਰਾਵਾਂ ਤਹਿਤ ਦਰਜ ਕੀਤੀਆਂ ਗਈਆਂ ਹਨ।