13 protesters missing : ਪਾਨੀਪਤ :26 ਜਨਵਰੀ ਨੂੰ ਦਿੱਲੀ ਹਿੰਸਾ ਤੋਂ ਬਾਅਦ ਕਈ ਕਿਸਾਨ ਲਾਪਤਾ ਹੋਏ ਸਨ, ਜਿਨ੍ਹਾਂ ਵਿੱਚੋਂ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਦੀ ਸੂਚੀ ਦਿੱਲੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਸੀ। ਪਰ ਅਜੇ ਵੀ ਕੁਝ ਕਿਸਾਨਾਂ ਦਾ ਕੁਝ ਥਹੁ-ਪਤਾ ਨਹੀਂ ਹੈ। ਲਾਪਤਾ ਹੋਏ ਕਿਸਾਨਾਂ ਦੀ ਸੂਚੀ ਨੂੰ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਅੰਤਿਮ ਰੂਪ ਦਿੱਤਾ ਹੈ, ਜਿਸ ਵਿੱਚ 13 ਵਿਅਕਤੀ ਅਜੇ ਵੀ ਲਾਪਤਾ ਹਨ। ਸੰਯੁਕਤ ਕਿਸਾਨ ਮੋਰਚਾ ਇਨ੍ਹਾਂ ਲੋਕਾਂ ਨੂੰ ਲੱਭਣ ਲਈ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਕੋਲ ਪਹੁੰਚ ਕਰੇਗਾ। ਇਨ੍ਹਾਂ ਵਿੱਚ ਅੱਠ ਕਿਸਾਨ ਪੰਜਾਬ ਦੇ, ਚਾਰ ਹਰਿਆਣਾ ਅਤੇ ਇਕ ਰਾਜਸਥਾਨ ਦਾ ਹੈ।
ਐਸਕੇਐਮ ਨੇ ਗੁੰਮ ਹੋਏ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਪੰਜ ਮੈਂਬਰੀ ਕਾਨੂੰਨੀ ਕਮੇਟੀ ਦਾ ਗਠਨ ਕੀਤਾ ਹੈ, ਜਿਨ੍ਹਾਂ ਨੇ ਲਾਪਤਾ ਹੋਏ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਦਿੱਲੀ ਬਾਰਡਰ ‘ਤੇ ਇਕ ਕਾਨੂੰਨੀ ਹੈਲਪ ਡੈਸਕ ਸਥਾਪਤ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦੀਪਸਿੰਘਵਾਲਾ ਨੇ ਕਿਹਾ, “ਅਸੀਂ ਜਾਣਕਾਰੀ ਇਕੱਠੀ ਕੀਤੀ ਹੈ ਕਿ ਲਗਭਗ 115 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਘਟਨਾ ਤੋਂ ਬਾਅਦ ਲਾਪਤਾ ਹੋਏ 13 ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਗਈ ਸੀ। ਗੁੰਮ ਹੋਏ ਵਿਅਕਤੀਆਂ ਦੇ ਸਬੰਧ ਵਿੱਚ ਅਸੀਂ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਾਂਗੇ। ਜੇ ਸਾਨੂੰ ਕੋਈ ਸੁਰਾਗ ਨਾ ਮਿਲਿਆ ਤਾਂ ਅਸੀਂ ਸੁਪਰੀਮ ਕੋਰਟ ਵਿਚ ਇਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕਰਾਂਗੇ।
ਦੱਸਣਯੋਗ ਹੈ ਕਿ ਕਿਸਾਨਾਂ ਨੂੰ ਦਿੱਲੀ ਬਾਰਡਰਾਂ ‘ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰਦੇ ਹੋਏ 79 ਦਿਨ ਹੋ ਚੁੱਕੇ ਹਨ। ਹੁਣ ਕਿਸਾਨਾਂ ਨੇ ਅੰਦੋਲਨ ਨੂੰ ਤੇਜ਼ ਕਰਨ ਦਾ ਮਨ ਬਣਾ ਲਿਆ ਹੈ ਜਿਸ ਦੇ ਚੱਲਦਿਆਂ ਉਹ 18 ਫਰਵਰੀ ਨੂੰ ਪੂਰੇ ਦੇਸ਼ ਵਿੱਚ ਰੇਲ ਰੋਕੋ ਮੁਹਿੰਮ ਚਲਾਉਣਗੇ।