ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਸੰਘਰਸ਼ ਨੂੰ ਲੰਮਾ ਸਮਾਂ ਹੋ ਗਿਆ ਹੈ। ਜਿਥੇ ਅਜੇ ਤੱਕ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ, ਉਥੇ ਹੀ ਚੰਡੀਗੜ੍ਹ ਵਿੱਚ ਕਿਸਾਨ ਅੰਦੋਲਨ ਦੌਰਾਨ ਇੱਕ ਬਹੁਤ ਹੀ ਸ਼ਰਮਨਾਕ ਤਸਵੀਰ ਸਾਹਮਣੇ ਆਈ ਹੈ।
ਦਰਅਸਲ ਚੰਡੀਗੜ੍ਹ ਪੁਲਿਸ ਵੱਲੋਂ ਸ਼ਨੀਵਾਰ ਨੂੰ ਚੱਲ ਰਹੇ ਕਿਸਾਨਾਂ ਦੇ ਵਿਰੋਧ ਦੇ ਸਿਲਸਿਲੇ ਵਿੱਚ ਇੱਕ 13 ਸਾਲ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਢੂਨੀ ਨੇ ਇਸ ਨਾਬਾਲਗ ਲੜਕੇ ਦੀ ਵੀਡੀਓ ਸ਼ੇਅਰ ਕਰਦੇ ਹੋਏ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ।
ਚਢੂਨੀ ਨੇ ਇਸ ਕਾਰਵਾਈ ਨੂੰ ਬੇਹੱਦ ਸ਼ਰਮਨਾਕ ਦੱਸਦਿਆਂ ਇਸ 13 ਸਾਲ ਦੇ ਨਾਬਾਲਗ ਲੜਕੇ ਨੂੰ ਸ਼ਾਬਾਸ਼ੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਪੂਰਾ ਦੇਸ਼ ਉਸ ਦੇ ਨਾਲ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਲਿਖਿਆ ਕਿ ਜੇਕਰ ਬੱਚੇ ਨਾਲ ਕੁਝ ਵੀ ਗਲਤ ਹੋਇਆ ਤਾਂ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਭਾਜਪਾ ਆਗੂਆਂ ‘ਤੇ ਹਮਲਾ, ਕਿਸਾਨਾਂ ਨੇ ਵਰ੍ਹਾਏ ਇੱਟਾਂ ਪੱਥਰ ਤੇ ਡੰਡੇ
ਉਥੇ ਹੀ ਵੀਡੀਓ ਵਿੱਚ 13 ਸਾਲਾ ਬੱਚੇ ਨੂੰ ਪੁਲਿਸ ਦੀ ਗੱਡੀ ਲਿਜਾ ਰਹੀ ਹੈ ਅਤੇ ਉਹ ਕਹਿ ਰਿਹਾ ਹੈ ਕਿ ਭਾਵੇਂ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਉਸ ਨੂੰ ਇਸ ਦਾ ਕੋਈ ਅਫਸੋਸ ਨਹੀਂ ਹੈ। ਜੇਕਰ ਜੇਲ੍ਹ ਵਿੱਚ ਉਸ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਉਸ ਦੀ ਲਾਸ਼ ਨੂੰ ਸਿੰਘੂ ਬਾਰਡਰ ਦਾ ਕੋਈ ਕਿਸਾਨ ਆਗੂ ਹੀ ਜੇਲ੍ਹ ਵਿੱਚੋਂ ਲੈਣ ਵਾਸਤੇ ਆਵੇ।