ਪੰਜਾਬ ਵਿੱਚ ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਬਿਜਲੀ ਦਾ ਸੰਕਟ ਵਧਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਲੋਕਾਂ ਨੂੰ 14-14 ਘੰਟੇ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਸਭ ਤੋਂ ਵੱਧ ਅਸਰ ਕਿਸਾਨਾਂ ‘ਤੇ ਹੋਇਆ ਹੈ, ਜਿਨ੍ਹਾਂ ਨੇ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਬਿਜਲੀ ਸਪਲਾਈ ਵਿਚ 1,330 ਮੈਗਾਵਾਟ ਦੀ ਕਮੀ ਦਰਜ ਕੀਤੀ ਗਈ ਹੈ। ਬਿਜਲੀ ਕਟੌਤੀ ਦਾ ਕਾਰਨ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਦੀ ਹੜਤਾਲ ਮੰਨਿਆ ਜਾ ਰਿਹਾ ਹੈ। ਹੜਤਾਲ ਕਾਰਨ ਮੈਂਟੇਨੈਂਸ ਦਾ ਕੰਮ ਠੱਪ ਹੋਣ ਕਾਰਨ ਸਪਲਾਈ ਵਿੱਚ ਗੜਬੜੀ ਹੋਈ ਹੈ।
ਗਰਮੀ ਦੀ ਗੱਲ ਕਰੀਏ ਤਾਂ ਬਠਿੰਡਾ ਵਿੱਚ ਵੀਰਵਾਰ ਨੂੰ ਸਭ ਤੋਂ ਵੱਧ 43 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੁਹਾਲੀ ਦੇ ਕਈ ਇਲਾਕਿਆਂ ਵਿੱਚ ਪਿਛਲੇ 24 ਘੰਟਿਆਂ ਵਿੱਚ 14 ਘੰਟਿਆਂ ਤੋਂ ਵੱਧ ਦੇ ਕੱਟ ਲੱਗੇ ਹਨ। ਪਟਿਆਲਾ ਅਤੇ ਬਠਿੰਡਾ ਵਿੱਚ ਸੱਤ ਘੰਟੇ ਬਿਜਲੀ ਗੁਲ ਰਹੀ। ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ, ਮੁਕਤਸਰ ਅਤੇ ਲੁਧਿਆਣਾ ਦੇ ਕੁਝ ਹਿੱਸਿਆਂ ਵਿਚ 6 ਤੋਂ 12 ਘੰਟਿਆਂ ਲਈ ਬਿਜਲੀ ਸਪਲਾਈ ਠੱਪ ਰਹੀ।
ਇਹ ਸਿਲਸਿਲਾ ਪਿਛਲੇ ਇੱਕ ਹਫਤੇ ਤੋਂ ਵੱਧ ਦੇ ਸਮੇਂ ਤੋਂ ਚੱਲ ਰਿਹਾ ਹੈ। ਜਿੱਥੋਂ ਤਕ ਸਮੱਸਿਆ ਦੀ ਜੜ੍ਹ ਦਾ ਸਵਾਲ ਹੈ, ਬਿਜਲੀ ਮਹਿਕਮੇ ਦੇ ਕਰਮਚਾਰੀ ਰਾਜ ਵਿਚ ਹੜਤਾਲ ਕਰ ਰਹੇ ਹਨ। ਫੀਡਰਾਂ ਅਤੇ ਸਬ-ਸਟੇਸ਼ਨਾਂ ਦੇ ਓਵਰਲੋਡਿੰਗ ਕਾਰਨ ਟੁੱਟ-ਫੁੱਟ ਦੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਨਹੀਂ ਕੀਤਾ ਜਾ ਰਿਹਾ ਹੈ।
ਸੀਜ਼ਨ ਦੀ ਖਪਤ ਮੁਤਾਬਕ ਬਿਜਲੀ ਉਤਪਾਦਨ ਦੇ ਲੋੜੀਂਦੇ ਇੰਤਜ਼ਾਮ ਨਹੀਂ ਕਰ ਪਾ ਰਹੀ ਪੰਜਾਬ ਦੀ ਕੈਪਟਨ ਸਰਕਾਰ ਨੇ ਬਿਜਲੀ ਨੂੰ ਸਿਰਫ ਕਾਰੋਬਾਰ ਤੱਕ ਹੀ ਸੀਮਤ ਕਰ ਦਿੱਤਾ ਹੈ। ਇਥੋਂ ਤਕ ਕਿ ਸਰਕਾਰੀ ਦਫਤਰਾਂ ਵਿਚ ਕੰਮ ਕਰਨ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਬਦਲਿਆ ਗਿਆ ਹੈ। ਹਾਲਾਂਕਿ, ਅਜੇ ਤੱਕ ਸਰਕਾਰੀ ਦਫਤਰਾਂ ਵਿਚ ਏਅਰ ਕੰਡੀਸ਼ਨਰਾਂ (ਏ.ਸੀ.) ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਡਿਸਟ੍ਰੀਬਿਊਸ਼ਨ ਡਾਇਰੈਕਟਰ ਡੀਪੀਐਸ ਗਰੇਵਾਲ ਨੇ ਕਿਹਾ ਕਿ ਘਰੇਲੂ ਖਪਤ ਕਾਰਨ ਮੰਗ ਤੁਰੰਤ ਵੱਧ ਗਈ ਸੀ, ਪਰ ਸਪਲਾਈ ’ਤੇ ਪਾਬੰਦੀਆਂ ਨਾਲ ਵੀਰਵਾਰ ਦੁਪਹਿਰ 2 ਵਜੇ ਤੋਂ ਬਾਅਦ ਸਥਿਤੀ ਸੌਖੀ ਹੋ ਗਈ। ਲੁਧਿਆਣਾ ਅਤੇ ਜਲੰਧਰ ਵਿੱਚ ਹਫਤਾਵਾਰੀ ਕਟੌਤੀ ਦੀ ਮੰਗ ਦੇ ਨਾਲ ਅਤੇ ਸਪਲਾਈ ਵਿੱਚ ਲਗਭਗ 1200 ਮੈਗਾਵਾਟ ਦੀ ਕਮੀ ਦਾ ਧਿਆਨ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੋ ਪਲਾਂਟਾਂ ਵਿੱਚ ਖਰਾਬੀ ਕਾਰਨ ਇਹ ਦਿੱਕਤ ਆ ਰਹੀ ਹੈ। ਇੱਕ ਯੂਨਿਟ ਦਾ ਟਰਬਾਈਨ ਮਾਰਚ ਵਿੱਚ ਬੰਦ ਹੋ ਗਿਆ ਅਤੇ ਇੱਕ ਹੋਰ ਯੂਨਿਟ ਦੇ ID ਫੈਨ ਦੀ ਵਧਦੀ ਸਮੱਸਿਆ ਦੇ ਨਾਲ-ਨਾਲ BBMB ਦੇ ਤਲਾਅ ‘ਚ ਪਾਣੀ ਦੀ ਕਮੀ ਵੀ ਇਸ ਦਾ ਵੱਡਾ ਕਾਰਨ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਅਟਕਿਆ ਮਾਨਸੂਨ- ਬਰਸਾਤੀ ਮੌਸਮ ‘ਚ ਹੱਡ ਭੰਨਵੀਂ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਤਾਪਮਾਨ 44 ਡਿਗਰੀ ਤੋਂ ਪਾਰ
ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਦੇ ਜਨਰਲ ਸੱਕਤਰ ਅਜੇ ਪਾਲ ਸਿੰਘ ਅਟਵਾਲ ਨੇ ਕਿਹਾ ਕਿ ਇਹ ਪੰਜਾਬ ਵਿੱਚ ਐਮਰਜੈਂਸੀ ਹੈ। ਇਹ ਸਭ ਗਰਮੀਆਂ ਦੇ ਮੌਸਮ ਲਈ ਮਾੜੀ ਤਿਆਰੀ ਦਾ ਨਤੀਜਾ ਹੈ। ਕੋਰੋਨਾ ਕਾਲ ਤੋਂ ਉਭਰ ਕੇ ਜੋ ਕਾਰੋਬਾਰ ਬਹਾਲੀ ਦੀ ਆਸ ਵਿੱਚ ਸੀ, ਉਹ ਮੁੜ ਤੋਂ ਸਹੂਲਤਾਂ ਦੀਆਂ ਪਾਬੰਦੀਆਂ ਦੀ ਲਪੇਟ ਵਿੱਚ ਆ ਜਾਵੇਗਾ। ਅਟਵਾਲ ਨੇ ਦਾਅਵਾ ਕੀਤਾ ਕਿ ਇੰਟਰਕਨੈਕਟਿੰਗ ਟਰਾਂਸਫਾਰਮਰ ਲਗਾਉਣ ਵਿੱਚ ਦੇਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਲੋੜੀਂਦੀ ਊਰਜਾ ਦੀ ਵਿਵਥਾ ਕਰਨ ਲਈ ਕੋਈ ਗੰਭੀਰ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ ਹਨ, ਭਾਵੇਂ ਇਹ ਅੰਦਾਜ਼ਾ ਲਾਇਆ ਗਿਆ ਸੀ ਕਿ ਝੋਨੇ ਦੇ ਮੌਸਮ ਵਿੱਚ ਮੰਗ 14,500 ਮੈਗਾਵਾਟ ਤੱਕ ਪਹੁੰਚ ਸਕਦੀ ਹੈ।