ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪ੍ਰੈੱਸ ਕਾਨਫਰੰਸ ਕਰਕੇ ਅੱਜ ਆਂਗਣਵਾੜੀ ਸੈਂਟਰਾਂ ਲਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 1419 ਨਵੇਂ ਆਂਗਣਵਾੜੀ ਸੈਂਟਰ ਬਣਾਏ ਜਾਣਗੇ। ਇਨ੍ਹਾਂ ਵਿਚੋਂ 56 ਬਣ ਚੁੱਕੇ ਹਨ ਤੇ 700 ਉਸਾਰੀ ਅਧੀਨ ਹਨ ਬਾਕੀ ਸ਼ੁਰੂ ਹੋਣ ਜਾ ਰਹੇ ਹਨ।
ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਾਡਾ ਉਦੇਸ਼ ਹੈ ਕਿ ਪੰਜਾਬ ਵਿਚ ਆਂਗਣਵਾੜੀ ਸੈਂਟਰ ਅਪਗ੍ਰੇਡ ਕੀਤੇ ਜਾਣ। ਨਵੀਂ ਬਿਲਡਿੰਗਾਂ ਬਣਾਈਆਂ ਜਾਵੇ, ਨਵੇਂ ਇੰਫ੍ਰਾਸਟ੍ਰਕਚਰ ਲਗਾਏ ਜਾਣ । ਇਸ ਲਈ ਪੰਜਾਬ ਸਰਕਾਰ ਵੱਲੋਂ ਹਰੇਕ ਸੈਂਟਰ ’ਤੇ ਰਿਪੇਅਰ ਲਈ 2 ਲੱਖ ਰੁਪਏ ਦਿੱਤੇ ਜਾਣਗੇ । ਇਸ ਤੋਂ ਇਲਾਵਾ ਪਾਣੀ ਤੇ ਬਾਥਰੂਮਾਂ ਦੀ ਵਿਵਸਥਾ ਲਈ 7 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 3000 ਹੋਰ ਆਂਗਨਵਾੜੀ ਵਰਕਰ ਭਰਤੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਮੋਗਾ ਤੇ ਫਿਰੋਜ਼ਪੁਰ ਵਿਚ ਹਰੇਕ ਆਂਗਣਵਾੜੀ ਸੈਂਟਰ ਲਈ 1 ਲੱਖ ਰੁਪਏ ਦਿੱਤੇ ਜਾਣਗੇ ਜਿਸ ਨਾਲ ਸੈਂਟਰਾਂ ਵਿਚ LED ਤੇ ਆਰਓ ਲਗਾਏ ਜਾਣਗੇ। ਇਸ ਤੋਂ ਇਲਾਵਾ ਬਾਕੀ ਪੈਸਿਆਂ ਨਾਲ ਸੀਸੀਟੀਵੀ ਕੈਮਰੇ ਜਾਂ ਬੱਚਿਆਂ ਲਈ ਜ਼ਰੂਰਤ ਦੀਆਂ ਚੀਜ਼ਾਂ ਤੇ ਇੰਫ੍ਰਾਸਟ੍ਰਕਚਰ ਉਤੇ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿਚ ਟੁਆਇਲਟ ਤੇ ਕਿਚਨ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਦੀਆਂ ਕੰਧਾਂ ਉਤੇ ਅਜਿਹੀਆਂ ਤਸਵੀਰਾਂ ਬਣਾਈਆਂ ਜਾਣ ਜਿਸ ਨਾਲ ਸੈਂਟਰ ਉਤੇ ਰਹਿ ਰਹੇ ਬੱਚੇ ਕੁਝ ਸਿੱਖ ਸਕਣ। ਇਸ ਤੋਂ ਇਲਾਵਾ ਆਂਗਣਵਾੜੀ ਸੈਂਟਰਾਂ ਵਿਚ ਪੌਸ਼ਣ ਵਾਟਿਕਾ ਯਾਨੀ ਬਗੀਚੀ ਬਣਾਈ ਜਾਵੇਗੀ ਜਿਸ ਵਿਚ ਪੌਦੇ ਤੇ ਫੁੱਲ ਲਗਾਏ ਜਾਣ। ਡਾ. ਬਲਜੀਤ ਕੌਰ ਨੇ ਕਿਹਾ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿਚ ਕੁੱਲ ਮਿਲਾ ਕੇ 200 ਕਰੋੜ ਰੁਪਏ ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਖਰਚੇਗੀ।
ਵੀਡੀਓ ਲਈ ਕਲਿੱਕ ਕਰੋ -: