1429 Corona cases found in Ludhiana : ਲੁਧਿਆਣਾ ਵਿੱਚ ਲਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਰੋਜ਼ਾਨਾ ਦੇ ਇਸ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਅੱਜ ਜ਼ਿਲ੍ਹੇ ਵਿੱਚ ਕੋਰੋਨਾ ਦੇ 1429 ਨਵੇਂ ਮਾਮਲੇ ਸਾਹਮਣੇ ਆਏ, ਇਸ ਦੇ ਨਾਲ ਹੀ 31 ਲੋਕਾਂ ਨੇ ਇਸ ਨਾਮੁਰਾਦ ਮਹਾਮਾਰੀ ਨਾਲ ਦਮ ਤੋੜਿਆ।
ਅੱਜ ਆਏ ਨਵੇਂ ਮਾਮਲਿਆਂ ਨਾਲ ਲੁਧਿਆਣਾ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ 73721 ਹੋ ਗਈ ਹੈ ਅਤੇ ਬਾਹਰਲੇ ਜ਼ਿਲ੍ਹਿਆਂ/ਸੂਬਿਆਂ ਦੇ ਮਾਮਲਿਆਂ ਦੀ ਗਿਣਤੀ 9664 ਹੈ। ਸਿਵਲ ਸਰਜਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਜ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਲੋਕਾਂ ਵਿੱਚੋਂ 19 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਤ ਸਨ ਇਸ ਤੋਂ ਇਲਾਵਾ ਇੱਕ ਕਪੂਰਥਲਾ, ਦੋ ਫਤਿਹਗੜ੍ਹ ਸਾਹਿਬ, ਦੋ ਬਰਨਾਲਾ, ਇੱਕ-ਇੱਕ ਸੰਗਰੂਰ, ਮੋਗਾ, ਜਲੰਧਰ ਤੇ ਪਠਾਨਕੋਟ ਜ਼ਿਲ੍ਹੇ ਨਾਲ ਸੰਬੰਧਤ ਸਨ, ਜਦਕਿ ਇੱਕ ਮ੍ਰਿਤਕ ਦਿੱਲੀ ਤੋਂ ਅਤੇ ਯੂਪੀ ਨਾਲ ਸਬੰਧਤ ਹਨ।
ਹੁਣ ਤੱਕ ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਨਾਲ 1682 ਲੋਕ ਦਮ ਤੋੜ ਚੁੱਕੇ ਹਨ, ਜਿਨ੍ਹਾਂ ਵਿੱਚੋਂ 846 ਮੌਤਾਂ ਬਾਹਰਲੇ ਜ਼ਿਲ੍ਹਿਆਂ/ਸੂਬਿਆਂ ਨਾਲ ਸੰਬੰਧਤ ਹਨ। ਅੱਜ 158 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ ਅਤੇ 7375 ਨਵੇਂ ਆਰਟੀਪੀਸੀਆਰ ਸੈਂਪਲ ਟੈਸਟ ਲਈ ਭੇਜੇ ਗਏ ਹਨ। ਸਿਵਲ ਸਰਜਨ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਮਾਸਕ ਜ਼ਰੂਰ ਪਹਿਨਣ। ਆਪਣੇ ਪਰਿਵਾਰ ਅਤੇ ਸਮਾਜ ਦੇ ਭਲੇ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨ ਤੇ ਸਿਹਤ ਵਿਭਾਗ ਦਾ ਸਹਿਯੋਗ ਕਰਨ।