15 lakh counterfeit currency : ਹੁਸ਼ਿਆਰਪੁਰ ਪੁਲਿਸ ਵੱਲੋਂ ਨਕਲੀ ਕਰੰਸੀ ਤਿਆਰ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਸ ਦੇ ਸਰਗਣਾ ਸਣੇ ਚਾਰ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 5.93 ਲੱਖ ਰੁਪਏ ਦੀ ਨਕਲੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਦੋਸ਼ੀਆਂ ਦੀ ਪਛਾਣ ਅਮਰਿੰਦਰ ਸਿੰਘ ਨਿਵਾਸੀ ਸੈਂਟਰਲ ਟਾਊਨ, ਹਰਜਿੰਦਰ ਭਾਰਤੀ ਨਿਵਾਸੀ ਊਨਾ, ਜੋਕਿ ਇਸ ਸਮੇਂ ਬਜਵਾੜਾ ਵਿਚ ਰਹਿੰਦਾ ਹੈ ਵਜੋਂ ਹੋਈ ਹੈ। ਬਾਕੀ ਦੋ ਪਛਾਣ ਜਗਤਾਰ ਸਿੰਘ ਨਿਵਾਸੀ ਕਿਲਾ ਵਰੁਣ ਅਤੇ ਗੁਰਸਿਮਰਨਜੀਤ ਸਿੰਘ ਉਰਫ ਬਾਬ ਉਰਫ ਸੋਡੀ ਨਿਵਾਸੀ ਵਗੂੜਾ ਵਜੋਂ ਹੋਈ ਹੈ। ਗਿਰੋਹ ਦੇ ਸਰਗਣਾ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਲੌਕਡਾਊਨ ’ਚ ਲਗਭਗ 15 ਲੱਖ ਰੁਪਏ ਦੀ ਨਕਲੀ ਕਰੰਸੀ ਤਿਆਰ ਕਰਕੇ ਬਾਜ਼ਾਰ ਵਿਚ ਚਲਾਈ ਸੀ।
ਦੋਸ਼ੀਆਂ ਕੋਲੋਂ ਪੁਲਿਸ ਨੇ ਨਕਲੀ ਕਰੰਸੀ ਤੋਂ ਇਲਾਵਾ ਦੋ ਡਿਜੀਟੀਲ ਕਲਰ ਪ੍ਰਿੰਟਰ ਸਕੈਨਰ, ਇਕ ਲੈਪਟਾਪ, ਟੇਪ ਰੋਲ, ਦੋ ਕਟਰ ਤੇ ਦੋ ਐਕਟਿਵਾ ਬਰਾਮਦ ਕੀਤੀਆਂ ਹਨ। ਗਿਰੋਹ ਦੇ ਸਰਗਣਾ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗ੍ਰੀਨ ਬਿਊ ਪਾਰਕ ਕੋ ਦੁਕਾਨ ਖੋਲ੍ਹੀ ਸੀ। ਉਹ ਨਹੀਂ ਚੱਲੀ ਤਾਂ 20 ਲੱਖ ਰੁਪਏ ਦਾ ਉਸ ’ਤੇ ਕਰਜਾ਼ ਹੋ ਗਿਆ। ਉਸ ਨੂੰ ਲਾਹੁਣ ਲਈ ਉਸ ਨੇ ਨਕਲੀ ਕਰੰਸੀ ਬਣਾਉਣੀ ਸ਼ੁਰੂ ਕਰ ਦਿੱਤੀ।
ਐਸਐਸਪੀ ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਲਾਕੇ ਵਿਚ ਕੁਝ ਲੋਕ ਵੱਡੇ ਪੱਧਰ ’ਤੇ ਨਕਲੀ ਕਰੰਸੀ ਬਣਾਉਣ ਅਤੇ ਚਲਾਉਣ ਦਾ ਕੰਮ ਕਰ ਰਹੇ ਹਨ। ਇਹ ਲੋਕ ਨਕਲੀ ਕਰੰਸੀ ਦੇ ਨਾਲ ਟੈਗੋਰ ਨਗਰ ਦੇ ਚੌਂਕ ਕੋਲ ਖੜ੍ਹੇ ਹਨ। ਇਸ ’ਤੇ ਪੁਲਿਸ ਨੇ ਦੋ ਐਕਟਿਵਾ ’ਤੇ ਸਵਾਰ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਗੁਰਸਿਮਨਰਜੀਤ ਸਿੰਘ ਖਿਲਾਫ ਪਹਿਲਾਂ ਹੀ ਨਾਜਾਇਜ਼ ਖਨਨ ਅਤੇ ਸ਼ਰਾਬ ਸਮੱਗਲਿੰਗ ਦਾ ਮਾਮਲਾ ਦਰਜ ਹੈ। ਦੋਸ਼ੀ ਜਗਤਾਰ ਸਿੰਘ ਜੋਕਿ ਸੀਟੀ ਸੈਂਟਰ ਵਿਚ ਸੁਰੱਖਿਆ ਗਾਰਜ ਵਜੋਂ ਤਾਇਨਾਤ ਹੈ, ਖਿਲਾਫ ਧੋਖਾਧੜੀ ਦੇ ਦੋਸ਼ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਚ ਮਾਮਲਾ ਦਰਜ ਹੈ। ਇਸ ਮਾਮਲੇ ਵਿਚ ਉਹ 29 ਮਾਰਚ ਨੂੰ ਲੁਧਿਆਣਾ ਤੋਂ ਬਾਹਰ ਆਇਆ ਹੈ।