18 Covid-19 patients confirmed : ਪੰਜਾਬ ਦਾ ਜਿਲ੍ਹਾ ਨਵਾਂਸ਼ਹਿਰ ਜਿਥੇ ਕੋਰੋਨਾ ਇਕ ਵਾਰ ਤਾਂ ਖਤਮ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਸੀ ਪਰ ਦੁਬਾਰਾ ਤੋਂ ਕੋਰੋਨਾ ਨੇ ਇਸ ਨੂੰ ਆਪਣੀ ਜਕੜ ਵਿਚ ਪੱਕਾ ਕਰ ਲਿਆ ਹੈ। ਇਥੇ ਦਿਨੋ-ਦਿਨ ਕੋਰੋਨਾ ਦੇ ਕੇਸ ਵਧ ਰਹੇ ਹਨ। ਕਲ ਰਾਤ 18 ਲੋਕਾਂ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਨਵਾਂਸ਼ਹਿਰ ਵਿਚ ਕੋਰੋਨਾ ਬੰਬ ਫੁੱਟਿਆ। ਇਨ੍ਹਾਂ ਵਿਚੋਂ 10 ਕੇਸ ਸ੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ ਤੇ 5-6 ਲੋਕਾਂ ਦੀ ਟ੍ਰੈਵਲ ਹਿਸਟਰੀ। ਇਸ ਤਰ੍ਹਾਂ ਨਵਾਂਸ਼ਹਿਰ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 104 ਤਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ ਲਗਭਗ 18 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਕ ਦੀ ਮੌਤ ਹੋ ਚੁੱਕੀ ਹੈ।
ਨਵਾਂਸ਼ਹਿਰ ਵਿਚ ਆਏ ਦਿਨ ਕੋਵਿਡ-19 ਦੇ ਮਰੀਜ਼ ਵਧ ਰਹੇ ਹਨ ਜੋ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਪ੍ਰਸ਼ਾਸਨ ਨੇ ਸਖਤ ਰਵੱਈਆ ਅਪਨਾ ਲਿਆ ਹੈ ਤੇ ਜਿਲ੍ਹੇ ਵਿਚ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ ਨੂੰ ਆਪਣਾ ਨਾਂ, ਪਤਾ ਤੇ ਪਿੰਡ ਦਾ ਨਾਂ ਰਿਕਾਰਡ ਦੇ ਤੌਰ ’ਤੇ ਦਰਜ ਕਰਵਾਉਣਾ ਪਵੇਗਾ ਤਾਂ ਜੋ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਕੰਟਰੋਲ ਕੀਤਾ ਜਾ ਸਕੇ ਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਲਈ ਅਹਿਤਿਆਤ ਦੇ ਤੌਰ ’ਤੇ ਨਿਯਮਾਂ ਨੂੰ ਸਖਤ ਕਰ ਦਿੱਤਾ ਗਿਆ ਹੈ।
ਪੰਜਾਬ ਵਿਚ ਵੀਰਵਾਰ ਨੂੰ ਵੀ ਕੋਰੋਨਾ ਮਰੀਜਾਂ ਅੰਕੜਾ 100 ਨੂੰ ਪਾਰ ਕਰ ਗਿਆ ਤੇ ਸੂਬੇ ਵਿਚ ਕਲ 132 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ। ਹੁਣ ਪੂਰੇ ਪੰਜਾਬ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ 1795 ਤਕ ਪਹੁੰਚ ਗਈ ਹੈ। ਵੀਰਵਾਰ ਨੂੰ ਗੁਰਦਾਸਪੁਰ ਵਿਚ 20, ਤਰਨਤਾਰਨ ’ਚ 13, ਜਲੰਧਰ ’ਚ 11, ਅੰਮ੍ਰਿਤਸਰ ’ਚ 8, ਬਰਨਾਲਾ ਤੇ ਫਤ੍ਹਿਗੜ੍ਹ ਸਾਹਿਬ ’ਚ 1-1 ਕੇਸ ਸਾਹਮਣੇ ਆਏ। ਪੰਜਾਬ ਵਿਚ ਹੁਣ ਤਕ ਲਗਬਘ 34701 ਟੈਸਟਾਂ ’ਚੋਂ ਲਗਭਗ 4124 ਟੈਸਟਾਂ ਦੀ ਰਿਪੋਰਟ ਆਉਣੀ ਬਾਕੀ ਹੈ। ਸੂਬੇ ਵਿਚ ਹੁਣ ਤਕ ਕੋਰੋਨਾ ਨਾਲ ਲਗਭਗ 28 ਮੌਤਾਂ ਹੋ ਚੁੱਕੀਆਂ ਹਨ।