ਚੰਡੀਗੜ੍ਹ : ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਗੱਡਦੇ ਹੋਏ ਪੰਜਾਬ ਦੇ 18 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ‘ਰਿਸਪੌਂਸੀਬਲ ਆਰਟੀਫਿਸ਼ੀਅਲ ਇੰਟੈਂਲੀਜੈਂਸ’ ਪ੍ਰੋਗਰਾਮ ਲਈ ਚੁਣਿਆ ਗਿਆ।
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਰਾਸ਼ਟਰੀ ਪੱਧਰ ਦੇ ਇਸ ਪ੍ਰੋਗਰਾਮ ਲਈ ਚੁਣੇ ਗਏ ਵਿਦਿਆਰਥੀਆਂ, ਉਹਨਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਪ੍ਰੋਗਰਾਮ ਲਈ 28 ਸੂਬਿਆਂ ਅਤੇ 8 ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚੋਂ ਨਾਮਾਂਕਨ ਹੋਏ 53782 ਵਿਦਿਆਰਥੀਆਂ ਵਿੱਚੋਂ ਸਿਰਫ਼ 125 ਵਿਦਿਆਰਥੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਟ੍ਰੇਨਿੰਗ ਲਈ ਚੁਣੇ ਗਏ ਹਨ। ਇਨ੍ਹਾਂ 125 ਵਿਦਿਆਰਥੀਆਂ ਵਿੱਚੋਂ 18 ਵਿਦਿਆਰਥੀ ਪੰਜਾਬ ਦੇ ਹਨ। ਇਹ ਵਿਦਿਆਰਥੀ ਅੱਠਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਹਨ।
ਇਹ ਪ੍ਰੋਗਰਾਮ ਭਾਰਤ ਸਰਕਾਰ ਅਤੇ ਇੰਟੈੱਲ ਇੰਡੀਆ ਦੇ ਸਾਂਝੇ ਉੱਦਮਾਂ ਸਦਕਾ ਇਲੈਕਟ੍ਰਾਨਿਕ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਅਧੀਨ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ ਦੁਆਰਾ ਲਾਂਚ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਖ਼ਸ਼ੀਅਤ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸਬੰਧੀ ਕਾਰਜਕੁਸ਼ਲਤਾ ਦੀਆਂ ਕਮੀਆਂ ਨੂੰ ਦੂਰ ਕਰਕੇ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੌਸ਼ਲਾਂ ਨੂੰ ਨਿਪੁੰਨਤਾ ਦੇ ਪੱਧਰ ’ਤੇ ਵਿਕਸਿਤ ਕਰਨਾ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਵਿੱਖ ਵਿੱਚ ਟੈਕਨਾਲੋਜੀ ਦੇ ਖੇਤਰ ਵਿੱਚ ਨਵੇਂ-ਨਵੇਂ ਮਾਧਿਅਮਾਂ ਦਾ ਨਿਰਮਾਣ ਕਰਨ ਅਤੇ ਇਹਨਾਂ ਦੀ ਸਹੀ ਵਰਤੋਂ ਕਰਨ ਦੇ ਯੋਗ ਬਣਨ।
ਵਿਦਿਆਰਥੀਆਂ ਨੂੰ ਤਿੰਨ ਪੜਾਵਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ। ਪਹਿਲੇ ਪੜਾਅ ਵਿੱਚ ਦਿੱਤੇ ਗਏ ਆਨਲਾਈਨ ਫਾਰਮੈੱਟ ਅਨੁਸਾਰ ਤਿਆਰ ਕੀਤੇ ਮਾਡਲਾਂ ਦੀ ਵੀਡੀਓ ਸਬਮਿਸ਼ਨ ਕਰਵਾਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਓਰੀਐਨਟੇਸ਼ਨ ਅਤੇ ਆਨਲਾਈਨ ਟ੍ਰੇਨਿੰਗ ਸੈਸ਼ਨ ਹੋਵੇਗਾ। ਦੂਜੇ ਪੜਾਅ ਵਿੱਚ ਸਰਵੋਤਮ 100 ਵੀਡੀਓਜ਼ ਸ਼ਾਰਟਲਿਸਟ ਕੀਤੀਆਂ ਜਾਣਗੀਆਂ ਅਤੇ ਸਬੰਧਿਤ ਵਿਦਿਆਰਥੀ ਆਪਣੀ ਡੀਪ ਡਾਈਵ ਟ੍ਰੇਨਿੰਗ ਦੀ ਸ਼ੁਰੂਆਤ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ‘ਚ ਟੀਕਾਕਰਨ ਦੀ ਮੱਠੀ ਰਫਤਾਰ ਲਈ ਸਿਹਤ ਮੰਤਰੀ ਨੇ ਕੇਂਦਰ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਇਸ ਸੈਸ਼ਨ ਤੋਂ ਬਾਅਦ ਉਹ ਆਪਣੇ ਮਾਡਲਾਂ ’ਤੇ ਦੁਬਾਰਾ ਸਟੱਡੀ ਕਰਕੇ ਅੰਤਿਮ ਰੂਪ ਵਿੱਚ ਆਪਣੇ ਮਾਡਲ ਦੀ ਵਰਕਿੰਗ ਵੀਡੀਓ ਪ੍ਰੋਗਰਾਮ ਦੀ ਵੈੱਬਸਾਈਟ ’ਤੇ ਸਬਮਿੱਟ ਕਰਵਾਉਣਗੇ। ਅੰਤਿਮ ਪੜਾਅ ਵਿੱਚ ਇਨ੍ਹਾਂ ਮਾਡਲਾਂ ਵਿੱਚੋਂ ਸਰਵੋਤਮ 50 ਮਾਡਲ ਚੁਣੇ ਜਾਣਗੇ ਅਤੇ ਇਹਨਾਂ ਨਾਲ ਸਬੰਧਿਤ ਵਿਦਿਆਰਥੀ ਆਨਲਾਈਨ ਆਪਣੇ ਮਾਡਲਾਂ ਦੀ ਕਾਰਜਕੁਸ਼ਲਤਾ ਦਾ ਪ੍ਰਦਰਸ਼ਨ ਕਰਨਗੇ। ਇਹਨਾਂ 50 ਮਾਡਲਾਂ ਵਿੱਚੋਂ 20 ਸਰਵਸ਼੍ਰੇਸ਼ਠ ਮਾਡਲਾਂ ਨੂੰ ਜੇਤੂ ਕਰਾਰ ਦਿੱਤਾ ਜਾਵੇਗਾ।