2 more corona positive : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਸੂਬੇ ’ਚ ਫਤਿਹਗੜ੍ਹ ਸਾਹਿਬ ਤੇ ਫਾਜ਼ਿਲਕਾ ਤੋਂ ਇਕ-ਇਕ ਹੋਰ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਮੁਤਾਬਕ ਫਤਿਹਗੜ੍ਹ ਸਾਹਿਬ ਵਿਚ ਮਿਲਿਆ ਕੋਰੋਨਾ ਪਾਜ਼ੀਟਿਵ ਮਰੀਜ਼ ਸਰਹਿੰਦ ਦਾ ਰਹਿਣ ਵਾਲਾ ਹੈ ਅਤੇ ਇਕ ਕੰਬਾਈਨ ਡਰਾਈਵਰ ਹੈ। ਇਸ ਨਵੇਂ ਮਾਮਲੇ ਦੇ ਆਉਣ ਨਾਲ ਫਤਿਹਗੜ੍ਹ ਸਾਹਿਬ ਵਿਚ ਹੁਣ ਕੋਰੋਨਾ ਪਾਜ਼ੀਟਿਵ ਦੀ ਕੁਲ ਗਿਣਤੀ 18 ਹੋ ਗਈ ਹੈ, ਜਿਨ੍ਹਾਂ ਵਿਚੋਂ 16 ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ, ਜਦਕਿ 2 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਉਧਰ ਫਾਜ਼ਿਲਕਾ ਜ਼ਿਲੇ ਵਿਚ ਵੀ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਆਉਣ ਨਾਲ ਜ਼ਿਲੇ ਵਿਚ ਕੁਲ ਪੀੜਤਾਂ ਦੀ ਗਿਣਤੀ 39 ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰਚੰਦ ਸਿੰਘ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਜ਼ਿਲਾ ਵਾਸੀਆੰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਡਰਨ ਨਾਲੋਂ ਕਰਫਿਊ ਦੀ ਸਖਤੀ ਨਾਲ ਪਾਲਣਾ ਜਾਰੀ ਰਖਣ ਤਾਂ ਜੋ ਇਸ ਬੀਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 1409 ਸੈਂਪਲ ਟੈਸਟ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 60 ਕੱਲ ਮੰਗਲਵਾਰ ਨੂੰ ਭੇਜੇ ਗਏ ਸਨ. ਉਨ੍ਹਾਂ ਦੱਸਿਆ ਕਿ 647 ਸੈਂਪਲਾਂ ਦੀ ਰਿਪੋਰਟ ਆ ਚੁੱਕੀ ਹੈ, ਜਦਕਿ 762 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਜਿਹੜੇ ਕੋਰੋਨਾ ਪਾਜ਼ੀਟਿਵ ਕੇਸ ਆ ਰਹੇ ਹਨ ਉਨ੍ਹਾਂ ਵਿਚ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਹਨ।
ਇਥੇ ਦੱਸਣਯੋਗ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਅਧੀਨ ਚੱਲ ਰਹੇ ਸਿਵਲ ਹਸਪਤਾਲ ਜਲਾਲਾਬਾਦ ’ਚ ਸਥਿਤ ਆਈਸੋਲੇਸ਼ਨ ਵਾਰਡ ਬਣੇ ਹੋਏ ਹਨ, ਉਨ੍ਹਾਂ ਲਈ ਵੱਖਰਾ ਰਸਤਾ ਰਖਿਆ ਜਾਂਦਾ ਹੈ ਤਾਂਕਿ ਉਸ ਰਸਤੇ ’ਤੇ ਆਮ ਲੋਕਾਂ ਜਾਂ ਮਰੀਜ਼ਾਂ ਦਾ ਆਉਣਾ-ਜਾਣਾ ਰੋਕਿਆ ਜਾ ਸਕੇ। ਇਥੇ ਦੱਸ ਦੇਈਏ ਕਿ ਸਿਵਲ ਹਸਪਤਾਲ ਜਲਾਬਾਬਾਦ ਬਾਬਾ ਫਰੀਦ ਯੂਨੀਵਰਸਿਟੀ ਅਧੀਨ ਚੱਲ ਰਿਹਾ ਹੈ ਪਰ ਸਹੂਲਤਾਂ ਤੇ ਮੈਡੀਕਲ ਸੇਵਾਵਾਂ ਨੂੰ ਲੈ ਕੇ ਅਕਸਰ ਹੀ ਸਵਾਲ ਖੜ੍ਹੇ ਹੁੰਦੇ ਰਹੇ ਹਨ। ਉਧਰ ਇਸ ਸਬੰਧੀ ਸਿਵਲ ਸਰਜਨ ਡਾ. ਹਰਚੰਦ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਰਸਤਿਆਂ ਨੂੰ ਛੇਤੀ ਹੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਵੇਗਾ।