23 electricity meters : ਅੰਮ੍ਰਿਤਸਰ : ਘਰਾਂ , ਫੈਕਟਰੀਆਂ ਅਤੇ ਹੋਟਲਾਂ ਤੋਂ ਉਤਾਰੇ ਗਏ ਬਿਜਲੀ ਦੇ ਮੀਟਰਾਂ ਦੀ ਜਾਂਚ ਪਾਵਰਕਾਮ ਦੇ ਜੇਈਜ਼ ਅਤੇ ਮੁਲਾਜ਼ਮਾਂ ਨੂੰ ਆਫਿਸ ਜਾਂ ਐੱਮਈ ਲੈਬ ਵਿੱਚ ਕਰਵਾਉਣੀਆਂ ਹੁੰਦੀਆਂ ਹਨ, ਪਰ ਉਹ ਅਜਿਹਾ ਨਹੀਂ ਕਰ ਰਹੇ, ਜਿਸ ਦਾ ਸਬੂਤ ਬੀਤੇ ਦਿਨੀਂ ਨਿਊ ਗੋਲਡਨ ਐਵੇਨਿਊ ’ਚ ਉਦੋਂ ਦੇਖਣ ਨੂੰ ਮਿਲਿਆ, ਜਦੋਂ ਪੁਲਿਸ ਦੀ ਪੀਸੀਆਰ ਟੀਮ ਨੇ ਇੱਕ ਨਸ਼ੇੜੀ ਨੂੰ ਰੇਹੜੀ ’ਤੇ ਬਿਜਲੀ ਦੇ 23 ਮੀਟਰ ਲਿਜਾਂਦੇ ਫੜਿਆ। ਇਹ ਮੀਟਰ ਰੇਹੜੀ ’ਤੇ ਲੱਦੇ ਲੋਹੇ ਨਾਲ ਰਖੀ ਇਕ ਬੋਰੀ ਵਿੱਚੋਂ ਮਿਲੇ। ਪੁਲਿਸ ਦੀ ਸੂਚਨਾ ’ਤੇ ਪਾਵਰਕਾਮ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਮੀਟਰ ਆਪਣੇ ਕਬਜ਼ੇ ਵਿੱਚ ਲੈ ਲਏ। ਇਹ ਮੀਟਰ ਨਸ਼ੇੜੀ ਕੋਲ ਕਿਵੇਂ ਪਹੁੰਚੇ, ਇਸ ਦੀ ਜਾਂਚ ਲਈ ਪਾਵਰਕਾਮ ਦੇ ਅਧਿਕਾਰੀਆਂ ਨੇ 3 ਮੈਂਬਰੀ ਕਮੇਟੀ ਬਣਾਈ ਹੈ। ਇਸ ਵਿੱਚ ਮਾਲ ਮੰਡੀ ਬਿਜਲੀ ਘਰ ਦੇ ਐੱਸਡੀਓ ਕਮਰਸ਼ੀਅਲ, ਐੱਸਡੀਓ ਟੈਕਨੀਕਲ ਅਤੇ ਜੇਈ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਨੇ ਉਕਤ ਮੀਟਰਾਂ ਦੇ ਸੀਰੀਜ਼ ਨੰਬਰ ਟ੍ਰੇਸ ਕਰਨੇ ਸ਼ੁਰੂ ਕਰ ਦਿੱਤੇ ਹਨ।
ਜੌੜਾ ਫਾਟਕ ’ਚ ਰਹਿਣ ਵਾਲੇ ਨਸ਼ੇੜੀ ਨੇ ਪੁਲਿਸ ਨੇ ਦੱਸਿਆ ਕਿ ਉਸ ਨੂੰ ਇਹ ਬਿਜਲੀ ਦੇ ਮੀਟਰ ਛੱਪੜ ਵਿੱਚ ਪਈ ਬੋਰੀ ਵਿਚੋਂ ਮਿਲੇ ਸਨ। ਇਨ੍ਹਾਂ ਨੂੰ ਉਹ ਕਬਾੜ ਦੀ ਦੁਕਾਨ ’ਚ ਵੇਚਣ ਜਾ ਰਿਹਾ ਸੀ। ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਐਕਸੀਐੱਨ ਮਨਦੀਪ ਸਿੰਘ ਬਮਰਾਹ ਅਤੇ ਮਾਲ ਮੰਡੀ ਦੇ ਐੱਸਡੀਓ ਨੇ ਘਿਓ ਮੰਡੀ ਦੇ ਜੇਈ ਸਤਨਾਮ ਸਿੰਘ ਨੂੰ ਬੁਲਾ ਕੇ ਇਨ੍ਹਾਂ ਮੀਟਰਾਂ ਦੇ ਨੰਬਰਾਂ ਦੀ ਲਿਸਟ ਅਧਿਕਾਰੀਆਂ ਨੂੰ ਭੇਜ ਦਿੱਤੀ। ਮੀਟਰਾਂ ਨੂੰ ਐੱਮਈ ਲੈਬ ਭੇਜਿਆ ਜਾਣਾ ਸੀ, ਪਰ ਮੁਲਾਜ਼ਮਾਂ ਦੀ ਲਾਪਰਵਾਹੀ ਨਾਲ ਇਹ ਨਸ਼ੇੜੀ ਤੱਕ ਪਹੁੰਚ ਗਏ।
ਜਾਂਚ ਟੀਮ ਇਨ੍ਹਾਂ ਬਿਜਲੀ ਮੀਟਰਾਂ ਦੇ ਅਕਾਊਂਟ ਨੰਬਰ ਦੇ ਨਾਲ-ਨਾਲ ਇਹ ਡਾਟਾ ਵੀ ਖੰਗਾਲ ਰਹੀ ਹੈ ਕਿ ਇਨ੍ਹਾਂ ਨੂੰ ਕਿਹੜੇ ਜੇਈ ਨੇ ਲਾਹਿਆ ਸੀ। ਸੂਚਨਾਂ ਮੁਤਾਬਕ ਇਹ ਸਾਰੇ ਬਿਜਲੀ ਮੀਟਰ ਮਾਲ ਮੰਡੀ ਦੇ ਅਧੀਨ ਵੱਖ-ਵੱਖ ਇਲਾਕਿਆਂ ਤੋਂ ਉਤਾਰੇ ਗਏ ਸਨ। ਇਨ੍ਹਾਂ ਨੂੰ ਵੇਰਕਾ ਐੱਮਈ ਲੈਬ ਵਿੱਚ ਜਾਂਚ ਲਈ ਭੇਜਿਆ ਜਾਣਾ ਸੀ, ਪਰ ਨਹੀਂ ਭੇਜੇ ਗਏ। ਇਨ੍ਹਾਂ ਵਿੱਚੋਂ ਕਈ ਮੀਟਰ ਸੜੇ ਹੋਏ ਹਨ ਤਾਂ ਕਈ ਸੀਲ ਬੰਦ ਵੀ ਹਨ।