25 percent cut in fuel allowance : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੋਵਿਡ ਸੰਕਟ ਕਾਰਨ ਡਗਮਗਮਾਈ ਆਰਥਿਕ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਵਿਚ ਇਕ ਹੋਰ ਕਦਮ ਚੁੱਕਿਆ ਗਿਆ ਹੈ, ਜਿਸ ਅਧੀਨ ਸੂਬਾ ਹੈੱਡਕੁਆਰਟਰਾਂ ਵਿਚ ਤਾਇਨਾਤ ਅਧਿਕਾਰੀਆਂ ਦੇ ਫਿਊਲ (ਬਾਲਣ) ਭੱਤੇ (POL) ਵਿਚ 25 ਫੀਸਦੀ ਦੀ ਕਮੀ ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਨੇ ਇਹ ਫੈਸਲਾ ਇਸ ਤੱਥ ਨੂੰ ਧਿਆਨ ਵਿਚ ਰਖਦਿਆਂ ਲਿਆ ਹੈ ਕਿ ਕੋਰੋਨਾ ਵਾਇਰਸ ਸੰਕਟ ਦੇ ਚੱਲਦਿਆਂ ਸੂਬੇ ਦੇ ਹੈੱਡਕੁਆਰਟਰ ਵਿਚ ਤਾਇਨਾਤ ਅਧਿਕਾਰੀ ਜਾਂ ਤਾਂ ਸਟਾਫ ਦੀ 50 ਫੀਸਦੀ ਸਮਰੱਥਾ ਨਾਲ ਕੰਮ ਕਰ ਰਹੇ ਹਨ ਜਾਂ ਘੱਟੋ-ਘੱਟ ਯਾਤਰਾ ਕਰ ਰਹੇ ਹਨ, ਜਿਸ ਦੇ ਚੱਲਦਿਆਂ ਫਿਊਲ (ਬਾਲਣ) ਦਾ ਜ਼ਿਆਦਾ ਇਸਤੇਮਾਲ ਨਹੀਂ ਹੋ ਰਿਹਾ।
ਇਸ ਦੇ ਮੱਦੇਨਜ਼ਰ ਸੂਬੇ ਦੇ ਹੈੱਡਕੁਆਰਟਰਾਂ ਵਿਚ ਤਾਇਨਾਤ ਅਧਿਕਾਰੀਆਂ ਦੇ ਬਾਲਣ ਦੇ ਭੱਤੇ (POL) ਵਿਚ 25% ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਸਿਹਤ, ਮੈਡੀਕਲ, ਸਿੱਖਿਆ, ਪੁਲਿਸ, ਖੁਰਾਕ, ਖੇਤੀਬਾੜੀ, ਜ਼ਿਲ੍ਹਾ ਪ੍ਰਸ਼ਾਸਨ ਦੇ ਵਿਭਾਗਾਂ ਨੂੰ ਛੱਡ ਕੇ ਬਾਕੀ ਸਾਰੇ ਵਿਭਾਗਾਂ ਲਈ POL ਖਰਚਿਆਂ ਲਈ ਮੌਜੂਦਾ ਅਧਿਕਾਰਾਂ ਵਿੱਚ 25 ਫੀਸਦੀ ਦੀ ਕਮੀ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕੋਰੋਨਾ ਕਾਰਨ ਆਏ ਆਰਥਿਕ ਸੰਕਟ ਦੀ ਸਥਿਤੀ ਤੋਂ ਉਭਰਨ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਮੋਬਾਈਲ ਭੱਤਿਆਂ ਵਿਚ ਵੀ ਕਟੌਤੀ ਕੀਤੀ ਗਈ ਹੈ ਇਸ ਤੋਂ ਇਲਾਵਾ ਸਰਕਾਰ ਨੇ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੀਆਂ ਪੈਂਡਿੰਗ ਪਈ ਕਰੋੜਾਂ ਦੀ ਰਕਮ ਨੂੰ ਵਸੂਲਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।