ਜਲੰਧਰ ਦੇ ਸਿਵਲ ਹਸਪਤਾਲ ਦੇ ਟਰੌਮਾ ਸੈਂਟਰ ਵਿਚ ਬੀਤੀ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਆਕਸੀਜਨ ਸਪਲਾਈ 35 ਮਿੰਟ ਲਈ ਬੰਦ ਰਹੀ ਤੇ ਆਈਸੀਯੂ ਵਿਚ ਭਰਤੀ 3 ਮਰੀਜ਼ਾਂ ਦੀ ਮੌਤ ਹੋ ਗਈ। ਕੁੱਲ 5 ਮਰੀਜ਼ਾਂ ਨੂੰ ਆਕਸੀਜਨ ਸਪਲਾਈ ਬੰਦ ਹੋਣ ਨਾਲ ਨੁਕਸਾਨ ਹੋਇਆ ਸੀ ਜਿਨ੍ਹਾਂ ਵਿਚੋਂ 2 ਨੂੰ ਬਚਾ ਲਿਆ ਗਿਆ। ਘਟਨਾ ਦੇ ਬਾਅਦ ਹਸਪਤਾਲ ਵਿਚ ਹੰਗਾਮਾ ਮਚ ਗਿਆ ਤੇ ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ। ਮਾਮਲਾ ਬੀਤੀ ਰਾਤ ਲਗਭਗ 9 ਵਜੇ ਦਾ ਹੈ। ਸੂਚਨਾ ਮਿਲਣ ‘ਤੇ ਦੇਰ ਰਾਤ ਲਗਭਗ 1 ਵਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਨੇ ਬੰਦ ਕਮਰੇ ਵਿਚ ਡਾਕਟਰਾਂ ਨਾਲ ਮੀਟਿੰਗ ਕੀਤੀ। ਨਾਲ ਹੀ ਦੇਰ ਰਾਤ ਡੀਸੀ ਹਿਮਾਂਸ਼ੂ ਅਗਰਵਾਲ ਵੀ ਮੌਕੇ ‘ਤੇ ਪਹੁੰਚ ਗਏ ਸਨ।
ਮ੍ਰਿਤਕਾਂ ਦੀ ਪਛਾਣ ਅਰਚਨਾ (15), ਅਵਤਾਰ ਲਾਲ (32) ਤੇ ਰਾਜੂ (30) ਜੋਂ ਹੋਈ ਹੈ। ਅਰਚਨਾ ਨੂੰ 17 ਜੁਲਾਈ ਨੂੰ ਸੱਪ ਡੱਸਣ ਦੇ ਬਾਅਦ ਭਰਤੀ ਕਰਾਇਆ ਗਿਆ ਸੀ। ਅਵਤਾਰ ਲਾਲ ਨੂੰ 27 ਜੁਲਾਈ ਨੂੰ ਨਸ਼ੇ ਦੀ ਓਵਰੋਡਜ਼ ਕਾਰਨ ਭਰਤੀ ਕਰਵਾਇਆ ਗਿਆ ਸੀ ਤੇ ਰਾਜੂ ਨੂੰ 24 ਜੁਲਾਈ ਨੂੰ ਟੀਬੀ ਦੇ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।
ਜਾਣਕਾਰੀ ਮੁਤਾਬਕ ਲਗਭਗ ਸਾਢੇ 8 ਵਜੇ ICU ਵਿਚ ਆਕਸੀਜਨ ਸਪਲਾਈ ਬੰਦ ਹੋਈ ਸੀ। ਇਸ ਦੇ ਬਾਅਦ ਡਾਕਟਰਾਂ ਤੇ ਟੈਕਨੀਸ਼ੀਅਨਾਂ ਨੂੰ ਪਤਾ ਲੱਗ ਗਿਆ ਸੀ। ਆਕਸੀਜਨ ਸਪਲਾਈ ਵਿਚ ਗੜਬੜੀ ਬਾਰੇ ਪਤਾ ਕਰਨ ਤੇ ਉਸ ਨੂੰ ਠੀਕ ਕਰਨ ਵਿਚ ਲਗਭਗ 35 ਮਿੰਟ ਲੱਗ ਗਏ। ਇੰਨੇ ਵਿਚ 3 ਲੋਕਾਂ ਨੇ ਦਮ ਤੋੜ ਦਿੱਤਾ।
ਦੇਰ ਰਾਤ ਸਿਵਲ ਹਸਪਤਾਲ ਵਿਚ ਡਿਊਟੀ ‘ਤੇ ਤਾਇਨਾਤ ਡਾ. ਐੱਸਐੱਸ ਰਾਜਕੁਮਾਰ ਨੇ ਕਿਹਾ ਕਿ ਮ੍ਰਿਤਕ 3 ਮਰੀਜ਼ ਸਨ। ਮੌਤ ਦਾ ਕਾਰਨ ਪਤਾ ਕਰਨ ਲਈ 9 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜੋ 2 ਦਿਨ ਦੇ ਅੰਦਰ ਰਿਪੋਰਟ ਪੇਸ਼ ਕਰੇਗੀ ਤੇ ਉਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਮਾਮਲੇ ਵਿਚ ਜਾਂਚ ਕੀਤੀ ਜਾਵੇਗੀ ਕਿ ਇਹ ਟੈਕਨੀਕਲ ਨੁਕਸ ਸੀ ਜਾਂ ਫਿਰ ਕਿਸੇ ਮੁਲਾਜ਼ਮ ਦੀ ਗਲਤੀ ਹੈ। ਡਾ. ਰਾਜ ਕੁਮਾਰ ਨੇ ਕਿਹਾ ਕਿ ਘਟਨਾ ਵਿਚ ਜੇਕਰ ਕਿਸੇ ਵੀ ਅਧਿਕਾਰਕ ਪੱਧਰ ‘ਤੇ ਕੋਈ ਗਲਤੀ ਪਾਈ ਗਈ ਤਾਂ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।
ਡੀਸੀ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਦੀ ਜਾਂਚ ਲਈ ਕਮੇਟੀ ਗਠਿਤ ਕਰਨ ਦਿੱਤੀ ਗਈ ਹੈ ਜੋ 72 ਘੰਟਿਆਂ ਦੇ ਅੰਦਰ ਰਿਪੋਰਟ ਪੇਸ਼ ਕਰੇਗੀ। ਜਾਂਚ ਰਿਪੋਰਟ ਵਿਚ ਸਪੱਸ਼ਟ ਹੋਵੇਗਾ ਕਿ ਮੌਤਾਂ ਆਕਸੀਜਨ ਸਪਲਾਈ ਬੰਦ ਹੋਣ ਕਰਕੇ ਹੋਈਆਂ ਜਾਂ ਮਰੀਜ਼ ਪਹਿਲਾਂ ਤੋਂ ਹੀ ਗੰਭੀਰ ਹਾਲਤ ਵਿਚ ਸਨ ਪਰ ਜੇਕਰ ਜਾਂਚ ਵਿਚ ਸਰਕਾਰੀ ਅਧਿਕਾਰੀ ਜਾਂ ਮੁਲਾਜ਼ਮ ਦੀ ਲਾਪ੍ਰਵਾਹੀ ਸਾਹਮਣੇ ਆਈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਡੀਸੀ ਨੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਪੂਰੀ ਗੰਭੀਰਤਾ ਨਾਲ ਇਸ ਮਾਮਲੇ ਦੀ ਨਿਗਰਾਨੀ ਕਰ ਰਿਹਾ ਹੈ ਤੇ ਕਿਸੇ ਤਰ੍ਹਾਂ ਦੀ ਗਲਤੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸ਼ਰਧਾਲੂਆਂ ਨਾਲ ਭਰੀ ਗੱਡੀ ਨਹਿਰ ‘ਚ ਡਿੱ/ਗੀ, 2 ਮਾਸੂਮ ਬੱਚਿਆਂ ਸਣੇ 6 ਦੀ ਮੌ.ਤ, ਨੈਣਾ ਦੇਵੀ ਤੋਂ ਦਰਸ਼ਨ ਕਰਕੇ ਪਰਤ ਰਹੇ ਸਨ ਵਾਪਸ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਦੇਰ ਰਾਤ ਸਿਵਲ ਹਸਪਤਾਲ ਜਲੰਧਰ ਪਹੁੰਚੇ ਤੇ ਡਾਕਟਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ICU ਵਿਚ ਦਾਖਲ ਮਰੀਜ਼ਾਂ ਦੀ ਹਾਲਤ ਕਾਫੀ ਨਾਜ਼ੁਕ ਸੀ। ਸਟਾਫ ਤੋਂ ਪਤਾ ਲੱਗਾ ਕਿ ਆਕਸੀਜਨ ਦੀ ਸਪਲਾਈ ਵਿਚ ਵੀ ਦਿੱਕਤ ਆਈ ਸੀ ਪਰ 1-2 ਮਿੰਟ ਦੇ ਗੈਪ ਵਿਚ ਆਕਸੀਜਨ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ। ਡਾ. ਬਲਬੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਕਿਸੇ ਵੀ ਪੱਧਰ ‘ਤੇ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਸ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























