3 prisoners accused : ਅੱਜ ਬਠਿੰਡਾ ਵਿਖੇ ਪੁਲਿਸ ਦੀ ਇਕ ਅਜਿਹੀ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਪੁਲਿਸ ਵਾਲਿਆਂ ਵਲੋਂ ਨਸ਼ਾ ਸਮਗਲਰਾਂ ਨਾਲ ਥਰਡ ਡਿਗਰੀ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਜੇਲ ਵਿਚ ਬੰਦ 3 ਹਵਾਲੀਆਂ ਨੇ ਦਿੱਤੀ। ਉਹ ਜੇਲ ਵਿਚ ਨਸ਼ਾ ਸਮਗਲਿੰਗ ਦੇ ਦੋਸ਼ ਵਿਚ ਬੰਦ ਹਨ। ਇਨ੍ਹਾਂ ਦਾ ਨਾਂ ਸਿਮਰਨਜੀਤ ਸਿੰਘ, ਬੁੱਧ ਰਾਮ ਤੇ ਬਲਜਿੰਦਰ ਸਿੰਘ ਵਜੋਂ ਦਰਜ ਹੈ। ਉਨ੍ਹਾਂ ਦੱਸਿਆ ਕਿ ਸਾਡੇ ਨਾਲ ਜੇਲ ਵਿਚ ਬਹੁਤ ਬੁਰੀ ਤਰ੍ਹਾਂ ਵਰਤਾਅ ਕੀਤਾ ਜਾ ਰਿਹਾ ਹੈ। ਗਰਮ ਰਾਡ ਨਾਲ ਟਾਰਚਰ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੰਗ ਕੀਤੀ ਕਿ ਹੋਰਨਾਂ ਕੈਦੀਆਂ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਪੈਰੋਲ ‘ਤੇ ਰਿਹਾਅ ਕੀਤਾ ਜਾਵੇ ਪਰ ਜੇਲ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਇਹ ਮੰਗ ਨਹੀਂ ਮੰਨੀ ਗਈ ਜਿਸ ਕਾਰਨ ਉਹ ਭੁੱਖ ਹੜਤਾਲ ‘ਤੇ ਬੈਠ ਗਏ। ਉਨ੍ਹਾਂ ਨੇ ਦੱਸਿਆ ਕਿ ਅਸੀਂ ਤਿੰਨਾਂ ਨੇ ਬਿਲਕੁਲ ਖਾਣਾ-ਪੀਣਾ ਬੰਦ ਕਰ ਦਿੱਤਾ, ਜਿਸ ਤੋਂ ਪ੍ਰੇਸ਼ਾਨ ਹੋ ਕੇ ਪੁਲਿਸ ਵਾਲਿਆਂ ਵਲੋਂ ਸਾਡੇ ‘ਤੇ ਥਰਡ ਡਿਗਰੀ ਦਾ ਇਸਤੇਮਾਲ ਕੀਤਾ ਗਿਆ ਜਿਸ ਦੀ ਵੀਡੀਓ ਉਨ੍ਹਾਂ ਵਲੋਂ ਵਾਇਰਲ ਕਰਕੇ ਜੇਲ ਪ੍ਰਸ਼ਾਸਨ ਦੀ ਪੋਲ ਖੋਲ੍ਹੀ ਗਈ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਤਿੰਨੋਂ ਹਵਾਲਾਤੀ ਉਨ੍ਹਾਂ ਖਿਲਾਫ ਝੂਠੇ ਦੋਸ਼ ਲਗਾ ਰਹੇ ਹਨ। ਇਨ੍ਹਾਂ ਨੇ ਖੁਦ ਹੀ ਆਪਣੇ ਸਰੀਰ ‘ਤੇ ਨਿਸ਼ਾਨ ਪਾ ਕੇ ਵੀਡੀਓ ਵਾਇਰਲ ਕੀਤੀ ਹੈ ਤਾਂ ਜੋ ਪੁਲਿਸ ਪ੍ਰਸ਼ਾਸਨ ਨੂੰ ਬਦਨਾਮ ਕੀਤਾ ਜਾ ਸਕੇ।
ਜੇਲ ਸੁਪਰੀਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਅਸਲ ਵਿਚ ਇਹ ਤਿੰਨੋਂ ਕੈਦੀ ਜੇਲ੍ਹ ਵਿਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਜਦੋਂ ਉਹ ਭੱਜਣ ਵਿਚ ਅਸਫਲ ਹੋ ਗਏ ਤਾਂ ਪੁਲਿਸ ਵਾਲਿਆਂ ਨੂੰ ਬਦਨਾਮ ਕਰਨ ਲਈ ਇਨ੍ਹਾਂ ਤਿੰਨਾਂ ਨੇ ਆਪਣੇ ਸਰੀਰ ‘ਤੇ ਖੁਦ ਹੀ ਨਿਸ਼ਾਨ ਬਣਾ ਲਏ। ਉਨ੍ਹਾਂ ਦੱਸਿਆ ਕਿ ਜੇਲ ਪ੍ਰਸ਼ਾਸਨ ਨੇ ਉਕਤ ਕੈਦੀਆਂ ਦੀ ਬੈਰਕ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ ਤੇਜ਼ਧਾਰ ਸੂਆ, ਨਲਕੇ ਦੀ ਟੂਟ ਮਿਲੀ ਜਿਸ ਨਾਲ ਉਨ੍ਹਾਂ ਨੇ ਬੈਰਕ ਦੀਆਂ ਖਿੜਕੀਆਂ ਤੇ ਰੌਸ਼ਨਦਾਨ ਦੀਆਂ ਜਾਲੀਆਂ ਨੂੰ ਤੋੜਿਆ ਹੋਇਆ ਤਾਂ ਜੋ ਉਹ ਭੱਜ ਸਕਣ ਤੇ ਜਦੋਂ ਉਨ੍ਹਾਂ ਦੀ ਭੱਜਣ ਦੀ ਤਕਰੀਬ ਅਸਫਲ ਹੋ ਗਈ ਤਾਂ ਉਨ੍ਹਾਂ ਨੇ ਪੁਲਿਸ ਵਾਲਿਆਂ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ। ਜੇਲ ਸੁਪਰੀਡੈਂਟ ਨੇ ਦੱਸਿਆ ਕਿ ਜਦੋਂ ਇਨ੍ਹਾਂ ਤਿੰਨੋਂ ਹਵਾਲਾਤੀਆਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਇਕ ਮੋਬਾਈਲ ਫੋਨ ਦੀ ਬੈਟਰੀ, ਇਕ ਸਿਮ ਵੀ ਬਰਾਮਦ ਕੀਤਾ ਗਿਆ।