3 seized with large consignmen : ਪੰਜਾਬ ਪੁਲਿਸ ਦੀ ਬਟਾਲਾ ਦੀ ਸਪੈਸ਼ਲ਼ ਟੀਮ ਨੇ ਤਿੰਨ ਸਮੱਗਲਰਾਂ ਤੋਂ ਗੁਆਂਢੀ ਮੁਲਕ ਪਾਕਿਸਤਾਨ ਦੇ ਸਮੱਗਲਰਾਂ ਵੱਲੋਂ ਭੇਜੀ 6.557 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਨ੍ਹਾਂ ਵਿੱਚੋਂ 16 ਪੈਕੇਟ ਹੈਰੋਇਨ ਟਰੈਕਟਰ ਦੇ ਸਕੱਜੇ ਪਾਸੇ ਦੇ ਪਿਛਲੇ ਟਾਇਰ ਵਿੱਚ ਲੁਕਾਈ ਗਈ ਸੀ। ਇਹ ਸਾਰੇ ਸਮੱਗਲਰ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਬੀਤੇ ਦਿਨ ਬਟਾਲਾ ਇਲਾਕੇ ਦੇ ਫਤਿਹਗੜ੍ਹ ਚੂੜੀਆਂ ਤੋਂ ਫੜਿਆ ਗਿਆ ਸੀ। ਇਸ ਤੋਂ ਬਾਅਦ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਦੋਸ਼ੀਆਂ ਦੀ ਪਛਾਣ ਅੰਮ੍ਰਿਤਸਰ ਜ਼ਿਲ੍ਹੇ ਦੇ ਕੰਕੜ ਪਿੰਡ ਨਿਵਾਸੀ ਸਰਬਜੀਤ ਸਿੰਘ ਉਰਫ ਸਾਬਾ, ਸੁਰਜੀਤ ਸਿੰਘ ਉਰਫ ਬਿੱਲੂ ਅਤੇ ਰਣੀਆਂ ਦਾ ਜਗਤਾਰ ਸਿੰਘ ਉਰਫ ਦਿਆ ਵਜੋਂ ਹੋਈ ਹੈ।
ਪੰਜਾਬ ਪੁਲਿਸ ਦੇ ਆਈਜੀ ਬਾਰਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਬਟਾਲਾ ਪੁਲਿਸ ਨੇ ਬੀਤੇ ਦਿਨ ਫਤਿਹਗੜ੍ਹ ਚੂੜੀਆਂ ਦੇ ਭਗਤ ਸਿੰਘ ਚੌਕ ’ਤੇ ਇਨ੍ਹਾਂ ਤਿੰਨਾਂ ਸਮੱਗਲਰਾਂ ਨੂੰ 157 ਗ੍ਰਾਮ ਹੈਰੋਇਨ ਅਤੇ ਕੰਪਿਊਟਰ ਕਾਂਟੇ ਨਾਲ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਪਾਕਿਸਤਾਨ ਤੋਂ ਹੈਰੋਇਨ ਦੀ ਇਕ ਵੱਡੀ ਖੇਪ ਆਈ ਸੀ। ਉਸ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਕੰਕੜ ਵਿੱਚ ਲੁਕਾਇਆ ਹੋਇਆ ਸੀ।
ਇਨ੍ਹਾਂ ਖਿਲਾਫ ਥਾਣਾ ਫਤਿਹਗੜ੍ਹ ਚੂੜੀਆਂ ਵਿੱਚ ਕੇਸ ਦਰਜ ਕਰ ਲਿਆ ਗਿਆ, ਉਥੇ ਐੱਸਐੱਸਪੀ ਬਟਾਲਾ ਨੇ ਸਪੈਸ਼ਲ ਟੀਮ ਬਣਾ ਕੇ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਪਿੰਡ ਕੰਕੜ ਵਿੱਚ ਭੇਜਿਆ। ਉਥੇ ਬੀਐੱਸਐੱਫ ਦੀ ਬੀਓਪੀ ਗਰੁਵ ਤੋਂ ਬੀਐੱਸਐੱਫ ਜਵਾਨਾਂ ਦੀ ਮਦਦ ਨਾਲ ਜੰਗਲਾਤ ਵਿਭਾਗ ਦੀ ਜ਼ਮੀਨ ’ਚ ਖੜ੍ਹੇ ਹਾਲੈਂਡ ਟਰੈਕਟਰ ਦੇ ਸੱਜੇ ਪਾਸੇ ਦੇ ਪਿਛਲੇ ਟਾਇਰ ਵਿੱਚ ਲੁਕਾਈ ਗਈ 5 ਕਿਲੋ 400 ਗ੍ਰਾਮ ਹੈਰੋਇਨ (16 ਪੈਕੇਟ) ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਕੋਲ ਹੀ ਝਾੜੀਆਂ ਵਿੱਚ ਵੀ 4 ਪੈਕੇਟ ਪਾਏ ਗਏ, ਜਿਨ੍ਹਾਂ ਦਾ ਭਾਰ 1 ਕਿਲੋ ਹੈ। ਇਸ ਤਰ੍ਹਾਂ ਕੁਲ ਮਿਲਾ ਕੇ 6 ਕਿਲੋ 557 ਗ੍ਰਾਮ ਹੈਰੋਇਨ ਦੋਸ਼ੀਆਂ ਤੋਂ ਬਰਾਮਦ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।