338 new corona positive cases : ਜਲੰਧਰ ਵਿੱਚ ਕੋਰੋਨਾ ਦਾ ਕਹਿਰ ਘੱਟਦਾ ਨਜ਼ਰ ਨਹੀਂ ਆ ਰਿਹਾ। ਸ਼ਨੀਵਾਰ ਨੂੰ ਵੀ ਜ਼ਿਲ੍ਹੇ ਵਿੱਚ ਇਸ ਦੇ 338 ਨਵੇਂ ਮਾਮਲੇ ਸਾਹਮਣੇ ਆਏ, ਉਥੇ ਹੀ ਤਿੰਨ ਮਰੀਜ਼ਾਂ ਦੀ ਜਾਨ ਚਲੀ ਗਈ। ਇਸੇ ਦੇ ਨਾਲ ਜ਼ਿਲ੍ਹੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 9434 ਤੱਕ ਪਹੁੰਚ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 240 ਹੋ ਗਈ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਜ਼ਿਲ੍ਹੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ, ਜਿਥੇ ਪਹਿਲੀ ਵਾਰ 364 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਅਤੇ ਉਸ ਦੇ ਨਾਲ ਹੀ ਸੱਤ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪਹਿਲੀ ਵਾਰ ਜ਼ਿਲ੍ਹੇ ਵਿੱਚੋਂ 430 ਮਰੀਜ਼ਾਂ ਨੂੰ ਠੀਕ ਹੋਣ ’ਤੇ ਕੋਵਿਡ ਸੈਂਟਰਾਂ ਤੋਂ ਛੁੱਟੀ ਦੇ ਕੇ ਘਰ ਵਿੱਚ ਆਈਸੋਲੇਸ਼ਨ ਲਈ ਰਵਾਨਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਨਵੀਂ ਬਾਰਾਦਰੀ ਦੇ ਰਹਿਣ ਵਾਲੇ ਐੱਸਡੀਐਮ ਦੇ 6 ਪਰਿਵਾਰਕ ਮੈਂਬਰਾਂ, ਪੁਲਿਸ ਥਾਣਾ ਨੰਬਰ ਇੱਕ ਦੇ ਐੱਸਐੱਚਓ ਅਤੇ ਪੁਲਿਸ ਅਕਾਦਮੀ ਫਿਲੌਰ ਦੇ 13 ਮੁਲਾਜ਼ਮਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ। ਉਥੇ ਹੀ ਪੀਏਪੀ ਕੈਂਪਸ ਤੋਂ ਤਿੰਨ, ਸਿਵਲ ਸਰਜਨ ਆਫਿਸ ਤੋਂ ਦੋ, ਸਰਕਿਟ ਹਾਊਸ, ਬੀਡੀਪੀਓ ਰੁੜਕਾ ਕਲਾਂ ਆਫਿਸ, ਫਾਇਰ ਬ੍ਰਿਗੇਡ ਅਤੇ ਨਿਜਾਤਮ ਨਗਰ ਆਸ਼ਰਮ ਤੋਂ ਇੱਕ-ਇੱਕ ਵਿਅਕਤੀ ਕੋਰੋਨਾ ਦੀ ਲਪੇਟ ਵਿੱਚ ਆਇਆ। ਉਥੇ ਹੀ ਬੀਤੇ ਦਿਨ ਪਿੰਡ ਪਤਿਆਲ ਦੀ ਇਕ 64 ਸਾਲਾ ਔਰਤ, ਜਲੰਧਰ ਕੈਂਟ ਦੇ 50 ਸਾਲਾ ਵਿਅਕਤੀ, ਨਿਊ ਜਵਾਹਰ ਨਗਰ ਦੇ 60 ਸਾਲਾ ਔਰਤ, ਫੋਲੜੀਵਾਲ ਦੇ 75 ਸਾਲਾ ਵਿਅਕਤੀ, ਕੋਟਲੀ ਸ਼ਾਹਕੋਟ ਦੇ 60 ਸਾਲਾ ਵਿਅਕਤੀ, ਸ਼ਿਵ ਨਗਰ ਦੇ 65 ਸਾਲਾ ਵਿਅਕਤੀ ਤੇ ਕਰਾਰ ਖਾਂ ਮੁਹੱਲਾ ਦੇ 62 ਸਾਲਾ ਵਿਅਕਤੀ ਦੀ ਮੌਤ ਹੋ ਗਈ।