4 New cases from Doraha : ਪੰਜਾਬ ਵਿਚ ਕੋਰੋਨਾ ਵਾਇਰਸ ਦੀ ਰਫਤਾਰ ਭਾਵੇਂ ਮੱਠੀ ਪੈ ਗਈ ਹੈ ਪਰ ਅਜੇ ਵੀ ਕੁਝ ਜ਼ਿਲਿਆਂ ਵਿਚ ਇਸ ਦਾ ਕਹਿਰ ਜਾਰੀ ਹੈ। ਰੋਜ਼ਾਨਾ ਸੂਬੇ ਵਿਚ ਅਜੇ ਵੀ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ। ਤਾਜ਼ਾ ਕੇਸ ਲੁਧਿਆਣਾ ਜ਼ਿਲੇ ਦੇ ਦੋਰਾਹਾ ਤੋਂ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਦੋਰਾਹਾ ’ਚੋਂ ਕੋਰੋਨਾ ਵਾਇਰਸ ਦੇ ਤਿੰਨ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਨੇੜਲੇ ਪਿੰਡ ਕੱਦੋਂ ਵਿਖੇ ਵੀ ਇਕ ਮਾਮਲਾ ਸਾਹਮਣੇ ਆਇਆ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਪਾਇਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਪ੍ਰੀਤ ਸੇਖੋਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਆਈਆਂ 11 ਪੈਂਡਿੰਗ ਰਿਪੋਰਟਾਂ ਵਿਚੋਂ ਚਾਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈਆਂ ਹਨ, ਜਿਨ੍ਹਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਇਹ ਲੋਕ ਲੁਧਿਆਣਾ ਦੀ ਟਾਇਰ ਫੈਕਟਰੀ ਨਾਲ ਸਬੰਧਤ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਹੀ ਹਨ, ਜਿਹੜੇ ਪਹਿਲਾਂ ਤੋਂ ਹੀ ਟਾਇਰ ਫੈਕਟਰੀ ਦੇ ਕੋਰੋਨਾ ਪਾਜ਼ੀਟਿਵ ਮੈਨੇਜਰ ਦੇ ਸੰਪਰਕ ਵਿਚ ਆਉਣ ਕਰਕੇ ਪਾਜ਼ੀਟਿਵ ਆ ਚੁੱਕੇ ਹਨ।
ਡਾ. ਹਰਪ੍ਰੀਤ ਸੇਖੋਂ ਨੇ ਦੱਸਿਆ ਕਿ ਇਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ। ਇਹ ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਕੈਲਾਸ਼ ਨਗਰ ਨਿਵਾਸੀ ਇਕੋ ਪਰਿਵਾਰ ਦੇ ਮੈਂਬਰ ਹਨ। ਜਿਨ੍ਹਾਂ ਵਿਚੋਂ 39 ਸਾਲਾ ਨੌਜਵਾਨ ਲੁਧਿਆਣਾ ਦੀ ਟਾਇਰ ਫੈਕਟਰੀ ’ਚ ਮੁਲਾਜਮ ਹੈ, ਪਹਿਲਾਂ ਹੀ ਕੋਰੋਨਾ ਪਾਜ਼ੀਟਿਵ ਸੀ, ਹੁਣ ਇਸ ਨੌਜਵਾਨ ਦਾ ਪਿਤਾ, ਪਤਨੀ ਅਤੇ ਉਸ ਦਾ ਸੱਤ ਸਾਲਾ ਬੱਚੇ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਦਕਿ ਚੌਥਾ ਮਾਮਲਾ ਪਿੰਡ ਕੱਦੋਂ ਦੇ ਪੋਸਟ ਆਫਿਸ ਮੁਹੱਲੇ ਵਿਚ ਰਹਿਣ ਵਾਲਾ 25 ਸਾਲਾ ਵਿਅਕਤੀ, ਜੋਕਿ ਪਹਿਲਾਂ ਤੋਂ ਹੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ, ਦਾ ਪਿਤਾ ਹੈ। ਇਸ ਮਰੀਜ਼ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।