4 Punjab soldiers killed : ਭਾਰਤ ਅਤੇ ਚੀਨ ਦੀ ਫੌਜ ਵਿਚਾਲੇ ਲੱਦਾਖ ਦੀ ਗਲਵਾਨ ਘਾਟੀ ਵਿਚ ਸੋਮਵਾਰ ਰਾਤ ਨੂੰ ਹੋਈ ਹਿੰਸਕ ਝੜਪ ਵਿਚ 20 ਭਾਰਤੀ ਫੌਜੀਆਂ ਦੀ ਜਾਨ ਚਲੀ ਗਈ ਹੈ ਅਤੇ ਚਾਰ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਇਨ੍ਹਾਂ ਸ਼ਹੀਦਾਂ ਵਿਚੋਂ ਚਾਰ ਜਵਾਨ ਪੰਜਾਬ ਨਾਲ ਸਬੰਧਤ ਹਨ ਜਿਨ੍ਹਾਂ ’ਚੋਂ 2 ਨਾਇਬ ਸੂਬੇਦਾਰ ਤੇ ਦੋ ਸਿਪਾਹੀ ਹਨ। ਭਾਰਤ ਵੱਲੋਂ ਸ਼ਹੀਦ ਜਵਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਮੁਤਾਬਕ ਮਾਨਸਾ ਦਾ ਸਿਪਾਹੀ ਗੁਰਤੇਜ ਸਿੰਘ ਤੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਸ਼ਹੀਦ ਹੋਏ ਹਨ।
ਉੱਥੇ ਹੀ ਗੁਰਦਾਸਪੁਰ ਦੇ ਪਿੰਡ ਭਜਰਾਜ ਤੋਂ ਨਾਇਬ ਸੂਬੇਦਾਰ ਸਤਨਾਮ ਸਿੰਘ ਅਤੇ ਪਟਿਆਲਾ ਤੋਂ ਮਨਦੀਪ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਬਿਹਾਰ ਰੈਜੀਮੈਂਟ ਦੇ ਜਵਾਨ ਸ਼ਹੀਦ ਹੋਏ ਹਨ। ਦੱਸਣਯੋਗ ਹੈ ਕਿ 21 ਸਾਲਾ ਗੁਰਤੇਜ ਸਿੰਘ ਦੋ ਸਾਲ ਪਹਿਲਾਂ ਹੀ ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਉਸ ਦੇ ਪਿਤਾ ਢਾਈ ਏਕੜ ਜ਼ਮੀਨ ਦੇ ਕਰੀਬ ਜ਼ਮੀਨ ਦੇ ਮਾਲਕ ਹਨ। ਉਸ ਦੀ ਸ਼ਹਾਦਤ ਤੋਂ ਦੋ ਦਿਨ ਪਹਿਲਾਂ ਹੀ ਉਸ ਦੇ ਵੱਡੇ ਭਰਾ ਦਾ ਵਿਆਹ ਹੋਇਆ ਹੈ।
ਉਸ ਨੇ ਵੀ ਆਪਣੇ ਭਰਾ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਛੁੱਟੀ ਅਪਲਾਈ ਕੀਤੀ ਸੀ। ਪਰ ਸਰਹੱਦ ’ਤੇ ਤਣਾਅ ਕਾਰਨ ਉਸ ਦੀ ਛੁੱਟੀ ਨਾ-ਮਨਜੂਰ ਕਰ ਦਿੱਤੀ ਗਈ। ਉਸ ਦਾ ਪਰਿਵਾਰ ਅਜੇ ਇਸ ਵਿਆਹ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਕਿ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਘਰ ਵਿਚ ਮਾਤਮ ਦਾ ਮਾਹੌਲ ਬਣ ਗਿਆ। ਗੁਰਵਿੰਦਰ ਸਿੰਘ ਦੋ ਸਾਲ ਪਹਿਲਾਂ ਭਾਰਤੀ ਫੌਜ ਵਿੱਚ ਪੰਜਾਬ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ। ਉਹ ਆਪਣੇ ਭਰਾ ਤੇ ਭੈਣ ਨਾਲੋਂ ਛੋਟਾ ਸੀ। ਇਸ ਨੌਜਵਾਨ ਦੀ ਮੰਗਣੀ ਹੋ ਚੁੱਕੀ ਸੀ ਤੇ ਇਸ ਸਾਲ ਵਿਆਹ ਹੋਣਾ ਸੀ।