40 Year old lady reported corona : ਜਲੰਧਰ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ ਹੈ। ਹਰ ਦਿਨ ਇਸ ਦੇ ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਫਿਰ ਜਲੰਧਰ ਜ਼ਿਲੇ ’ਚੋਂ ਇਕ ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਕ 40 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਪਿਛਲੇ ਕੁਝ ਸਮੇਂ ਤੋਂ ਸਿਵਲ ਹਸਪਤਾਲ ਦੇ ਡੀ-ਐਡਿਕਸ਼ਨ ਵਾਰਡ ਵਿਚ ਡਿਊਟੀ ਦੇ ਰਹੀ ਸੀ। ਇਸ ਵਾਰਡ ਵਿਚ ਸਾਰੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਦਾਖਲ ਕੀਤਾ ਜਾਂਦਾ ਹੈ। ਅੱਜ ਇਸ ਔਰਤ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ।
ਇਥੇ ਦੱਸ ਦੇਈਏ ਕਿ ਇਸ ਨਵੇਂ ਸਾਹਮਣੇ ਆਏ ਪਾਜ਼ੀਟਿਵ ਮਾਮਲੇ ਨੂੰ ਮਿਲਾ ਕੇ ਜਲੰਧਰ ਵਿਚ ਹੁਣ ਤੱਕ ਕੁਲ ਪੀੜਤਾਂ ਦੀ ਗਿਣਤੀ ਵੱਧ ਕੇ 253 ਹੋ ਗਈ ਹੈ, ਜਿਨ੍ਹਾਂ ਵਿਚੋਂ 8 ਮਰੀਜ਼ ਇਸ ਖਤਰਨਾਕ ਵਾਇਰਸ ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਦੱਸ ਦੇਈਏ ਕਿ ਕੱਲ ਵੀ ਜਲੰਧਰ ਵਿਚ ਦੋ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਜਿਨ੍ਹਾਂ ਵਿਚ ਇਕ ਬੀਐਸਐਫ ਦਾ ਜਵਾਨ ਵੀ ਸ਼ਾਮਲ ਸੀ, ਜੋਕਿ ਪਿਛਲੇ ਦਿਨੀਂ ਦਿੱਲੀ ਤੋਂ ਪੰਜਾਬ ਪਰਤਿਆ ਸੀ, ਜਦਕਿ ਦੂਸਰਾ ਮਾਮਲਾ ਡਿਫੈਂਸ ਕਾਲੋਨੀ ਤੋਂ ਸਾਹਮਣੇ ਆਇਆ ਸੀ, ਜੋਕਿ ਲਾਜਪਤ ਨਗਰ ਦੇ ਪਹਿਲਾਂ ਤੋਂ ਹੀ ਪਾਜ਼ੀਟਿਵ ਆਈ ਮਰੀਜ਼ ਦੇ ਸੰਪਰਕ ਵਾਲਾ ਸੀ।
ਇਥੇ ਦੱਸਣਯੋਗ ਹੈ ਕਿ ਅੱਜ ਵੀ ਸੂਬੇ ਵਿਚੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਲੁਧਿਆਣਾ ਦੇ ਪਿੰਡ ਤੋਂ ਇਕ ਗੁੜਗਾਓਂ ਤੋਂ ਪਰਤੇ ਨੌਜਵਾਨ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਉਥੇ ਟਾਂਡਾ ਦੇ ਪਿੰਡ ਨੰਗਲੀ ਜਲਾਲਪੁਰ ਤੋਂ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜ਼ਿਲਾ ਫਤਿਹਗੜ੍ਹ ਸਾਹਿਬ ਵਿਚ ਖਮਾਣੋਂ ਦੇ ਪਿੰਡ ਤੋਂ 5, ਪਟਿਆਲਾ ’ਚੋਂ ਚਾਰ ਤੇ ਬਠਿੰਡਾ ’ਚੋਂ 2 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਸੂਬੇ ਵਿਚ ਕੋਰੋਨਾ ਦੇ 2270 ਤੋਂ ਵੀ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 45 ਲੋਕਾਂ ਦੀ ਇਸ ਵਾਇਰਸ ਨਾਲ ਜਾਨ ਜਾ ਚੁੱਕੀ ਹੈ।