48 Corona Positive cases : ਕੋਰੋਨਾ ਦਾ ਖੌਫ ਦਿਨੋ-ਦਿਨ ਵਧ ਰਿਹਾ ਹੈ। ਲੁਧਿਆਣਾ ਵਿਖੇ ਸ਼ੁੱਕਰਵਾਰ ਸ਼ਾਮ ਨੂੰ ਇੱਕੋ ਵਾਰ ਕੋਰੋਨਾਵਾਇਰਸ (Coronavirus) ਦੇ 48 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ ਹੈ। ਹੁਣ ਜ਼ਿਲ੍ਹੇ ‘ਚ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ (Infected people) 77 ਹੋ ਗਈ ਹੈ। ਦੱਸ ਦਈਏ ਕਿ ਡਿਪਾਰਟਮੈਂਟ ਫਾਰ ਫੈਮਿਲੀ ਵੈੱਲਫੇਅਰ ਪੰਜਾਬ ਵੱਲੋਂ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਜਿਹੜੇ ਅੱਜ 48 ਮਾਮਲੇ ਸਾਹਮਣੇ ਆਏ ਹਨ ਇਨ੍ਹਾਂ ਚੋਂ 38 ਮਾਮਲੇ ਹਜ਼ੂਰ ਸਾਹਿਬ ਤੋਂ ਵਾਪਸ ਆਏ ਸ਼ਰਧਾਲੂਆਂ ਦੇ ਹਨ। ਇਨ੍ਹਾਂ ਸਾਰਿਆਂ ਦੇ ਸੈਂਪਲ ਬੁੱਧਵਾਰ ਨੂੰ ਲੈ ਗਏ ਸੀ। ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਵੀ ਇਸ ਸਬੰਧੀ ਪੁਸ਼ਟੀ ਕੀਤੀ ਹੈ। ਡੀ. ਸੀ. ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਹੁਣ ਤਕ ਲਗਭਗ 2380 ਨਮੂਨੇ ਟੈਸਟ ਲਈ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 77 ਮਾਮਲੇ ਲੁਧਿਆਣਾ ਦੇ ਪਾਜੀਟਿਵ ਆ ਚੁੱਕੇ ਹਨ। 8 ਮਰੀਜਾਂ ਦਾ ਇਲਾਜ ਚੱਲ ਰਿਹਾ ਹੈ ਅਤੇ 5 ਲੋਕਾਂ ਦੀ ਲੁਧਿਆਣਾ ਵਿਖੇ ਮੌਤ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਰਾਹਤ ਦੀ ਗੱਲ ਇਹ ਹੈ ਕਿ ਥਾਣਾ ਬਸਤੀ ਜੋਧੇਵਾਲ ਦੇ SHO ਦੀ ਰਿਪੋਰਟ ਨੈਗੇਟਿਵ ਆ ਗਈ ਹੈ ਤੇ ਉਹ ਜਲਦ ਹੀ ਆਪਣੇ ਘਰ ਜਾ ਸਕਣਗੇ। ਉਨ੍ਹਾਂ ਦਾ ਇਲਾਜ ਡੀਐੱਮਸੀ ਵਿੱਚ ਚੱਲ ਰਿਹਾ ਸੀ। ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਜਲਦ ਹੀ ਦੁਬਾਰਾ ਡਿਊਟੀ ਜੁਆਇਨ ਕਰਨਗੇ ਅਤੇ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਦੀ ਪਹਿਲੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ ਦੂਸਰੀ ਰਿਪੋਰਟ ਆਉਣੀ ਅਜੇ ਬਾਕੀ ਹੈ। ਲੁਧਿਆਣਾ ਦੇ ਡੀ. ਸੀ. ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵਲੋਂ ਸਵੇਰੇ 7 ਤੋਂ 11 ਵਜੇ ਤਕ ਖੁੱਲ੍ਹ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਪਰ ਫਿਰ ਵੀ ਲੋਕਾਂ ਨੂੰ ਇਸ ਦਾ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ ਤੇ ਸਿਰਫ ਲੋੜ ਪੈਣ ‘ਤੇ ਹੀ ਬਾਹਰ ਨਿਕਲਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇਕਰ ਕੋਈ ਮਿਲੀ ਛੋਟ ਦੀ ਗਲਤ ਵਰਤੋਂ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।