5 lakh to the family of comrade : ਭਿੱਖੀਵਿੰਡ – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਕਤਲ ਕਰ ਦਿੱਤੇ ਗਏ ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਐਮਪੀ ਜਸਬੀਰ ਸਿੰਘ ਡਿੰਪਾ ਵੱਲੋਂ ਦਿੱਤੀ ਗਈ, ਜੋਕਿ ਮਰਹੂਮ ਕਾਮਰੇਡ ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ, ਭਰਾ ਰਣਜੀਤ ਸਿੰਘ, ਪੁੱਤਰ ਗਗਨਦੀਪ ਸਿੰਘ, ਪੁੱਤਰ ਅਰਸ਼ਦੀਪ ਸਿੰਘ ਸਮੇਤ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਖਡੂਰ ਸਾਹਿਬ ਪਹੁੰਚੇ ਸਨ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਕਾਮਰੇਡ ਬਲਵਿੰਦਰ ਸਿੰਘ ਦਾ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਕਤਲ ਕਰ ਦਿੱਤਾ ਗਿਆ ਸੀ। ਡਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਮਾਮਲੇ ਵਿਸ਼ੇਸ਼ ਜਾਂਚ ਟੀਮ (SIT) ਦੇ ਹਵਾਲੇ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਦਸ ਦਿਨਾਂ ਦੇ ਵਿਚ ਇਸ ਕੇਸ ਨੂੰ ਹੱਲ ਕਰਨ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਾਮਰੇਡ ਬਲਵਿੰਦਰ ਸਿੰਘ ਨੇ ਅੱਤਵਾਦ ਦੇ ਦੌਰ ਵਿੱਚ ਅੱਤਵਾਦੀਆਂ ਦਾ ਪੂਰੀ ਬਹਾਦੁਰੀ ਨਾਲ ਮੁਕਾਬਲਾ ਕੀਤਾ ਸੀ। ਉਨ੍ਹਾਂ ਦੇ ਜੀਵਨ ‘ਤੇ ਕਈ ਟੈਲੀ ਫਿਲਮਾਂ ਵੀ ਬਣੀਆਂ ਸਨ। ਕਾਮਰੇਡ ਬਲਵਿੰਦਰ ਬਹਾਦੁਰੀ ਪੁਰਸਕਾਰ ਜੇਤੂ ਸਨ। ਪਰਿਵਾਰ ਨੂੰ ਸ਼ੱਕ ਹੈ ਕਿ ਇਹ ਹਮਲਾ ਅੱਤਵਾਦੀ ਹੋ ਸਕਦਾ ਹੈ। ਦੱਸ ਦੇਈਏ ਕਿ ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਪੱਕੀ ਸਕਿਓਰਿਟੀ ਦੀ ਮੰਗ ਕਰਦਿਆਂ ਉਨ੍ਹਾਂ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਫਿਰ ਪਰਿਵਾਰ ਦੀ ਇਸ ਮੰਗ ਨੂੰ ਮੰਨਦਿਆਂ ਉਨ੍ਹਾਂ ਨੂੰ ਸਕਿਓਰਿਟੀ ਮੁਹੱਈਆ ਕਰਵਾ ਦਿੱਤੀ ਗਈ। ਇਥੇ ਦੱਸ ਦੇਈਏ ਕਿ ਪਿਛਲੇ ਕਾਫੀ ਸਮੇਂ ਤੋਂ ਬਲਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਪਾਸੋਂ ਸਕਿਓਰਿਟੀ ਦੀ ਮੰਗ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਜਿਸ ਕਾਰਨ ਹੁਣ ਲਗਾਤਾਰ ਪਰਿਵਾਰਕ ਮੈਂਬਰ ਵੱਲੋਂ ਸੁਰੱਖਿਆ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਚੁੱਕੇ ਜਾ ਰਹੇ ਹਨ।