5 more students in this school : ਪੰਜਾਬ ਦੇ ਨਵਾਂਸ਼ਹਿਰ ਦੇ ਸਕੂਲ ਤੋਂ ਵਿਦਿਆਰਥੀਆਂ ਦੇ ਕੋਰੋਨਾ ਪਾਜ਼ੀਟਿਵ ਆਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ 5 ਸਕੂਲ ਵਿਦਿਆਰਥੀਆਂ ਸਣੇ ਕੁਲ ਹੋਰ 40 ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਪਿਛਲੇ 10 ਦਿਨਾਂ ਤੋਂ ਵੱਖ-ਵੱਖ ਸਕੂਲਾਂ ਦੇ 108 ਵਿਦਿਆਰਥੀਆਂ ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ। ਉਥੇ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਪਾਜ਼ੀਟਿਵ ਆਏ ਵਿਦਿਆਰਥੀਆਂ ਦਾ ਅੰਕੜਾ 122 ਤੱਕ ਪਹੁੰਚ ਗਿਆ ਹੈ ਅਤੇ ਇਨ੍ਹਾਂ ਵਿੱਚ 17 ਅਧਿਆਪਕ ਵੀ ਸ਼ਾਮਲ ਹਨ। ਹੁਣ ਤੱਕ ਪੂਰੇ ਜ਼ਿਲ੍ਹੇ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਣ ਵਾਲੇ 4123 ਬੱਚਿਆਂ ਦੇ ਸੈਂਪਲ ਲਏ ਜਾ ਚੁੱਕੇ ਹਨ।
ਨਵਾਂਸ਼ਹਿਰ ਦੇ ਸਰਕਾਰੀ ਹਾਈ ਸਕੂਲ ਸੋਲਹ ਤੋਂ ਸਭ ਤੋਂ ਪਹਿਲਾਂ ਕੋਰੋਨਾ ਦੇ ਪਜ਼ੀਟਿਵ ਕੇਸ ਨਿਕਲਣ ਤੋਂ ਬਾਅਦ ਹੁਣ ਵੱਡੀ ਗਿਣਤੀ ਵਿਚ ਸਰਕਾਰੀ ਹਾਈ ਸਕੂਲ ਬਲਾਚੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਅਮ ਵਿਖੇ ਵੀ ਕੋਰੋਨਾ ਟੈਸਟ ਕੀਤੇ ਗਏ ਹਨ। ਸਥਿਤੀ ਇਹ ਹੈ ਕਿ ਸਿਹਤ ਵਿਭਾਗ ਨੇ ਰਾਜ ਦੇ ਅਧਿਕਾਰੀਆਂ ਤੋਂ ਸਕੂਲ ਵਿਚ ਅਧਿਆਪਕਾਂ ਦਾ ਟੀਕਾਕਰਨ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ ਹੈ।
ਸਿਵਲ ਸਰਜਨ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਨਵਾਂਸ਼ਹਿਰ ਅਤੇ ਮੁਜੱਫਰਪੁਰ ਵਿੱਚ 10-10, ਰਾਹੋਂ ਅਤੇ ਬੰਗਾ ’ਚ 6-6, ਸੁੱਜੋ ’ਚ 5, ਮੁਕੰਦਪੁਰ ’ਚ 2 ਅਤੇ ਬਲਾਚੌਰ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਡਾ. ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 1,15,945 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ। ਇਸ ਵਿੱਚੋਂ 3023 ਵਿਅਕਤੀ ਪਾਜ਼ੀਟਿਵ ਪਾਏ ਗਏ ਹਨ ਜਿਨ੍ਹਾਂ ਵਿੱਚੋਂ 2591 ਸਿਹਤਮੰਦ ਹੋ ਚੁੱਕੇ ਹਨ ਅਤੇ 343 ਐਕਟਿਵ ਮਾਮਲੇ ਹਨ। ਡਾ. ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 26 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 311 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ।