ਦੇਸ਼ ਵਿੱਚ 2000 ਰੁਪਏ ਦੇ ਨੋਟ ਦੇ ਚਲਨ ਤੋਂ ਬਾਹਰ ਹੋਣ ਦੇ ਐਲਾਨ ਤੋਂ ਬਾਅਦ ਅੱਧੇ ਨੋਟ ਸਰਕਾਰ ਨੂੰ ਵਾਪਸ ਆ ਚੁੱਕੇ ਹਨ । ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਸਾਂਝੀ ਕੀਤੀ ਜਾਣਕਾਰੀ ਵਿੱਚ ਦੱਸਿਆ ਕਿ 1.80 ਲੱਖ ਕਰੋੜ ਰੁਪਏ ਦੇ ਨੋਟ ਬੈਂਕਿੰਗ ਪ੍ਰਣਾਲੀ ਰਾਹੀਂ ਵਾਪਸ ਆ ਗਏ ਹਨ । ਕੁੱਲ 3.62 ਲੱਖ ਕਰੋੜ ਦੇ 2000 ਦੇ ਨੋਟ 31 ਮਾਰਚ 2023 ਤੱਕ ਚਲਨ ਵਿੱਚ ਸੀ। ਆਉਣ ਵਾਲੇ ਸਮੇਂ ਵਿੱਚ 85% 2000 ਦੇ ਨੋਟ ਬੈਂਕਿੰਗ ਸਿਸਟਮ ਵਿੱਚ ਜਮ੍ਹਾ ਦੇ ਰਾਹੀਂ ਜਦਕਿ ਬਾਕੀ ਨੋਟ ਐਕਸਚੇਂਜ ਦੇ ਰਾਹੀਂ ਵਾਪਸ ਆ ਜਾਣਗੇ।
RBI ਦੇ ਗਵਰਨਰ ਨੇ ਦੱਸਿਆ ਕਿ ਇਸ ਤੋਂ ਬਾਅਦ 500 ਦੇ ਨੋਟ ਵਾਪਸ ਲੈਣ ਜਾਂ 1000 ਰੁਪਏ ਦੇ ਨੋਟ ਮੁੜ ਸ਼ੁਰੂ ਕਰਨ ਦਾ ਕੋਈ ਇਰਾਦਾ ਨਹੀਂ ਹੈ । ਗਵਰਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਨੋਟ ਪਹਿਲਾਂ ਤੋਂ ਹੀ ਬੈਂਕਾਂ ਵਿਚ ਜਮ੍ਹਾ ਕਰਵਾ ਲੈਣ ਤਾਂ ਜੋ ਆਖ਼ਰੀ ਸਮੇਂ ਵਿਚ ਜਲਦਬਾਜ਼ੀ ਤੋਂ ਬਚਿਆ ਜਾ ਸਕੇ। ਸ਼ਕਤੀਕਾਂਤ ਦਾਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ 2,000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦੇ ਫੈਸਲੇ ਦਾ ਅਰਥਵਿਵਸਥਾ ‘ਤੇ ਬਹੁਤ ਸੀਮਤ ਪ੍ਰਭਾਵ ਪਵੇਗਾ । 2,000 ਦੇ ਨੋਟ ਪ੍ਰਚਲਿਤ ਕੁੱਲ ਮੁਦਰਾ ਦਾ ਸਿਰਫ਼ 10.8 ਫੀਸਦੀ ਹਨ । ਉਨ੍ਹਾਂ ਕਿਹਾ ਕਿ 2016 ਵਿੱਚ ਨੋਟਬੰਦੀ ਤੋਂ ਬਾਅਦ ਨਕਦੀ ਦੀ ਕਮੀ ਨੂੰ ਪੂਰਾ ਕਰਨ ਲਈ 2000 ਰੁਪਏ ਦਾ ਨੋਟ ਪੇਸ਼ ਕੀਤਾ ਗਿਆ ਸੀ ।
ਇਹ ਵੀ ਪੜ੍ਹੋ: CM ਮਾਨ ਨੇ ਭਲਕੇ ਮਾਨਸਾ ‘ਚ ਸੱਦੀ ਕੈਬਨਿਟ ਦੀ ਬੈਠਕ, ਕੱਚੇ ਮੁਲਾਜ਼ਮਾਂ ਨੂੰ ਲੈ ਕੇ ਹੋ ਸਕਦੈ ਵੱਡਾ ਐਲਾਨ
ਦੱਸ ਦੇਈਏ ਕਿ ਪਿਛਲੇ ਮਹੀਨੇ RBI ਨੇ ਐਲਾਨ ਕੀਤਾ ਸੀ ਕਿ 2000 ਰੁਪਏ ਦਾ ਨੋਟ ਚਲਨ ਤੋਂ ਬਾਹਰ ਹੋ ਰਿਹਾ ਹੈ । ਇਸ ਸਮੇਂ ਸੀਮਾ ਤੱਕ ਲੋਕਾਂ ਨੂੰ 2000 ਰੁਪਏ ਦੇ ਨੋਟ ਬੈਂਕਾਂ ਵਿੱਚ ਜਮ੍ਹਾ ਕਰਵਾਉਣ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਸ਼ਕਤੀਕਾਂਤ ਦਾਸ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਅਪਣੇ ਨੋਟ ਵਾਪਸ ਲੈਣ ਨਹੀਂ ਤਾਂ ਉਨ੍ਹਾਂ ਨੂੰ ਪਿਛਲੇ 10-15 ਦਿਨਾਂ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਨੋਟਾਂ ਨੂੰ ਬਦਲਣ ਲਈ ਕੇਂਦਰੀ ਬੈਂਕ ਕੋਲ ਲੋੜੀਂਦੀ ਕਰੰਸੀ ਉਪਲਬਧ ਹੈ । ਜੇਕਰ ਕਿਸੇ ਕੋਲ 2000 ਰੁਪਏ ਦੇ ਨੋਟ ਹਨ ਤਾਂ ਉਹ ਜਾਂ ਤਾਂ ਬੈਂਕਾਂ ਵਿੱਚ ਜਾ ਕੇ ਉਨ੍ਹਾਂ ਨੂੰ ਬਦਲਵਾ ਸਕਦਾ ਹੈ ਜਾਂ ਫਿਰ ਆਪਣੇ ਬੈਂਕ ਖਾਤੇ ਵਿੱਚ ਜਮ੍ਹਾ ਕਰਵਾ ਸਕਦਾ ਹੈ ।
ਵੀਡੀਓ ਲਈ ਕਲਿੱਕ ਕਰੋ -: