541 new corona cases : ਪੰਜਾਬ ਵਿੱਚ ਅੱਜ ਵੀਰਵਾਰ ਨੂੰ ਕੋਰੋਨਾ ਦੇ 541 ਪਾਜ਼ੀਟਿਵ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਸਭ ਤੋਂ ਵੱਧ ਜਲੰਧਰ ਤੋਂ ਆਏ, ਜਿਥੇ 73 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ। ਉਥੇ ਹੀ ਅੱਜ ਕੋਰੋਨਾ ਨਾਲ 22 ਲੋਕਾਂ ਦੀ ਮੌਤ ਹੋਈ। ਅੱਜ 349 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ। ਦੱਸਣਯੋਗ ਹੈ ਕਿ ਅੱਜ ਸੂਬੇ ਵਿੱਚ ਕੋਰੋਨਾ ਨਾਲ ਅੰਮ੍ਰਿਤਸਰ ’ਚ 1, ਫਰੀਦਕੋਟ ’ਚ 4, ਫਿਰੋਜ਼ਪੁਰ ’ਚ 1, ਗੁਰਦਾਸਪੁਰ ’ਚ 1, ਹੁਸ਼ਿਆਰਪੁਰ ’ਚ 1, ਜਲੰਧਰ ’ਚ 4, ਕਪੂਰਥਲਾ ’ਚ 1, ਲੁਧਿਆਣਾ ’ਚ 2, ਮੋਹਾਲੀ ’ਚ 6 ਤੇ ਰੋਪੜ ’ਚ 1 ਵਿਅਕਤੀ ਨੇ ਦਮ ਤੋੜਿਆ।
ਜ਼ਿਕਰਯੋਗ ਹੈ ਕਿ ਅੱਜ ਦੇ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਪੂਰੇ ਪੰਜਾਬ ਵਿੱਚ ਕੋਰੋਨਾ ਦੇ 135834 ਮਾਮਲੇ ਪਾਜ਼ੀਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 126932 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦਿੱਤੀ ਜਾ ਚੁੱਕੀ ਹੈ। ਅਜੇ ਵੀ ਸੂਬੇ ਵਿੱਚ 4621 ਮਾਮਲੇ ਐਕਟਿਵ ਹਨ ਜਿਨ੍ਹਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ 125 ਮਰੀਜ਼ ਆਕਸੀਜਨ ਸੁਪੋਰਟ ‘ਤੇ ਹਨ, ਜਦਕਿ 14 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਹੁਣ ਤੱਕ ਸੂਬੇ ਵਿੱਚ 4281 ਲੋਕਾਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ। ਹੁਣ ਤੱਕ ਸੂਬੇ ਵਿੱਚ ਕੋਰੋਨਾ ਦੇ 2687429 ਸੈਂਪਲ ਲਏ ਜਾ ਚੁੱਕੇ ਹਨ। ਅੱਜ ਵੀ 17803 ਲੋਕਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ ਹਨ। ਹਾਲਾਂਕਿ ਸੂਬੇ ਵਿੱਚ ਕੋਰੋਨਾ ਦੇ ਮਾਮਲੇ ਪਹਿਲਾਂ ਨਾਲੋਂ ਘੱਟ ਰਹੇ ਹਨ ਪਰ ਫਿਰ ਵੀ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਇਸ ਮਹਾਮਾਰੀ ਤੋਂ ਆਪਣੇ ਬਚਾਅ ਲਈ ਅਪੀਲ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਬੀਤੇ ਵਿੱਚ ਸੂਬੇ ਵਿੱਚ ਕੋਰੋਨਾ ਦੇ 527 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ। ਕੱਲ੍ਹ ਵੀ ਜਲੰਧਰ ਵਿੱਚ ਹੀ ਸਭ ਤੋਂ ਵੱਧ 81 ਪਾਜ਼ੀਟਿਵ ਕੇਸ ਆਏ ਸਨ। ਉਥੇ ਕੋਰੋਨਾ ਨਾਲ 14 ਲੋਕਾਂ ਦੀ ਮੌਤ ਹੋਈ ਸੀ, ਜਦਕਿ 268 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ ਸੀ। ਦੱਸ ਦੇਈਏ ਕਿ ਸੂਬੇ ਵਿੱਚ ਕੋਰੋਨਾ ਦੇ ਮਾਮਲੇ ਘਟਣ ਕਾਰਨ ਪੰਜਾਬ ਵਿੱਚ ਸਰਕਾਰ ਵੱਲੋਂ ਵਧੇਰੇ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕਰਨ ਦੀਆਂ ਹਿਦਾਇਤਾਂ ਦਿੱਤੀ ਜਾ ਰਹੀ ਹੈ।