6 Case in Bakala : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹਰ ਕੋਈ ਆਪਣੇ ਪੱਧਰ ‘ਤੇ ਇਸ ਵਿਰੁੱਧ ਜੰਗ ਲੜਨ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੌਕਡਾਊਨ ਦੇ ਬਾਵਜੂਦ ਪੰਜਾਬ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਵਧ ਰਹੀ ਹੈ। ਹੁਣ ਇਕ ਖਬਰ ਅੰਮ੍ਰਿਤਸਰ ਦੇ ਬਾਬਾ ਬਕਾਲਾ ਤੋਂ ਆਈ ਹੈ ਜਿਥੇ 6 ਹੋਰ ਵਿਅਕਤੀ ਕੋਰੋਨਾ ਪਾਜੀਟਿਵ ਪਾਏ ਗਏ ਹਨ।
ਅੰਮ੍ਰਿਤਸਰ ਵਿਚ ਪਹਿਲਾਂ ਤੋਂ ਹੀ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਕਾਫੀ ਵਧ ਹੈ। ਅਜਿਹੀ ਸਥਿਤੀ ਵਿਚ 6 ਹੋਰ ਕੋਰੋਨਾ ਪਾਜੀਟਿਵ ਮਰੀਜਾਂ ਦੇ ਸਾਹਮਣੇ ਆਉਣ ਨਾਲ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਕਈ ਹੋਰ ਪਿੰਡਾਂ ਵਿਚ ਵੀ 16 ਮਰੀਜਾਂ ਦੇ ਪਾਜੀਟਿਵ ਹੋਣ ਦਾ ਪਤਾ ਲੱਗਾ ਹੈ। ਇਹ ਮਰੀਜ਼ ਪਿੰਡ ਨੰਗਲੀ, ਗਗੜਭਾਣਾ ਤੇ ਖਾਨਪੁਰ ਦੇ ਹਨ। ਖਾਨਪੁਰ ਦਾ ਰਹਿਣ ਵਾਲਾ ਵਿਅਕਤੀ ਜਿਹੜਾ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ ਉਹ ਗੁਜਰਾਤ ਤੋਂ ਆਇਆ ਹੈ। ਇਸ ਤੋਂ ਇਲਾਵਾ ਪਿੰਡ ਅਰਜਨਮਾਂਗਾ ਦੀਆਂ ਦੋ ਔਰਤਾਂ ਤੇ ਇਕ ਬੱਚਾ ਕੋਰੋਨਾ ਪਾਜੀਟਿਵ ਪਾਏ ਗਏ ਹਨ।
ਜਿਲ੍ਹਾ ਪ੍ਰਸ਼ਾਸਨ ਵਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕੋਰੋਨਾ ਪਾਜੀਟਿਵ ਮਰੀਜ਼ ਕਿਹੜੇ ਲੋਕਾਂ ਦੇ ਸੰਪਰਕ ਵਿਚ ਆਏ ਸਨ। ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ ਤੇ ਕੋਰੋਨਾ ਪਾਜੀਟਿਵ ਮਰੀਜਾਂ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ ਗਿਆ। ਇਸ ਤਰ੍ਹਾਂ ਅੰਮ੍ਰਿਤਸਰ ਵਿਚ ਮਰੀਜਾਂ ਦੀ ਗਿਣਤੀ 22 ਤਕ ਪਹੁੰਚ ਗਈ ਹੈ। ਇਸੇ ਤਰ੍ਹਾਂ ਰਈਆਂ ਦੇ ਪਿੰਡ ਚੀਮਾਬਾਠ ਵਿਖੇ ਦੋ ਜਣਿਆਂ ਦੀ ਰਿਪੋਰਟ ਪਾਜੀਟਿਵ ਆਈ ਹੈ। ਇਹ ਪਤੀ-ਪਤਨੀ ਹਨ ਤੇ ਇਸ ਗੱਲ ਦੀ ਜਾਣਕਾਰੀ ਵੀ ਮਿਲੀ ਹੈ ਕਿ ਇਹ ਬੀਤੀ 27 ਅਪ੍ਰੈਲ ਨੂੰ ਹਜੂਰ ਸਾਹਿਬ ਤੋਂ ਵਾਪਸ ਪਰਤੇ ਸਨ। ਬਾਬਾ ਬਕਾਲਾ ਦੇ ਪਿੰਡ ਧਰਦਿਓ ਵਿਖੇ ਵੀ 9 ਕੋਰੋਨਾ ਪਾਜੀਟਿਵ ਮਰੀਜ਼ ਮਿਲੇ ਹਨ। ਇਹ ਇਕੋ ਹੀ ਪਰਿਵਾਰ ਦੇ ਮੈਂਬਰ ਹਨ। ਇਨ੍ਹਾਂ ਵਿਚ ਇਕ ਛੋਟਾ ਬੱਚਾ ਵੀ ਹੈ। ਅਜੇ ਬਹੁਤ ਸਾਰੇ ਸ਼ਰਧਾਲੂ ਅਜਿਹੇ ਹਨ ਜਿਨ੍ਹਾਂ ਦੀ ਰਿਪੋਰਟ ਆਉਣੀ ਪੈਂਡਿੰਗ ਹੈ।