6 Corona Positive found in Chandigarh : ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਚੰਡੀਗੜ੍ਹ ਵਿਚ ਇਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪ੍ਰਸ਼ਾਸਨ ਦੀ ਚਿੰਤਾ ਕਾਫੀ ਵੱਧ ਗਈ ਹੈ। ਅੱਜ ਫਿਰ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ 6 ਨਵੇਂ ਮਰੀਜ਼ ਮਿਲੇ ਹਨ, ਜਿਨ੍ਹਾਂ ਵਿਚੋਂ 3 ਮਰੀਜ਼ ਬਾਪੂਧਾਮ ਕਾਲੋਨੀ, ਇਕ ਸੈਕਟਰ-26 ਅਤੇ ਇਕ ਸੈਕਟਰ-16 ਨਾਲ ਸਬੰਧਤ ਹੈ। ਇਨ੍ਹਾਂ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਤੱਕ ਚੰਡੀਗੜ੍ਹ ਵਿਚ ਕੁਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 187 ਤੱਕ ਪਹੁੰਚ ਗਈ ਹੈ।
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਸੁਖਨਾ ਝੀਲ ਦੇ ਜਨਤਕ ਪਖਾਨੇ ਵਿਚ 39 ਸਾਲ ਦੇ ਇਕ ਵਿਅਕਤੀ ਦੀ ਲਾਸ਼ ਮਿਲੀ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸਾਵਧਾਨ ਦੇ ਤੌਰ ’ਤੇ ਉਸ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਸਨ। ਸੋਮਵਾਰ ਨੂੰ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਹੱਲੋਮਾਜਰਾ ਦੇ ਰਹਿਣ ਵਾਲੇ 35 ਸਾਲ ਦੇ ਮਰੀਜ਼ ਦੀ ਮੌਤ ਜੀਐਮਸੀਐਚ ਵਿਚ ਹੋਈ ਸੀ। ਦੋ ਦਿਨ ਪਹਿਲਾਂ ਇਸ ਮਰੀਜ਼ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ, ਜਿਸ ’ਤੇ ਉਸ ਦੇ ਨੇੜਲੇ ਸੰਪਰਕ ਵਿਚ ਆਏ 32 ਸਾਲਾ ਨੌਜਵਾਨ ਦੇ ਵੀ ਕੋਰੋਨਾ ਸੈਂਪਲ ਲਏ ਗਏ ਸਨ, ਉਸ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਉਥੇ ਹੀ ਸੈਕਟਰ- 27 ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਆਈ 81 ਸਾਲ ਦੀ ਬਜ਼ੁਰਗ ਔਰਤ ਦੀ ਵੀ ਰਿਪੋਰਟ ਨੈਗੇਟਿਵ ਆਈ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਹੁਣ ਤੱਕ ਕੋਰੋਨਾ ਦੇ 1950 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 33 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 160 ਤੋਂ ਵੱਧ ਮਰੀਜ਼ ਕੋਰੋਨਾ ਵਾਇਰਸ ਤੋਂ ਜੰਗ ਫਤਿਹ ਕਰਕੇ ਘਰਾਂ ਨੂੰ ਪਰਤ ਚੁੱਕੇ ਹਨ।