6 Corona Positive Patients found : ਚੰਡੀਗੜ੍ਹ ਵਿਖੇ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਰੋਜ਼ਾਨਾ ਇਸ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਿਆਂ ਵਿਚ ਚੰਡੀਗੜ੍ਹ ਤੋਂ 6 ਹੋਰ ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜ਼ ਮਿਲੇ ਹਨ। ਜ਼ਿਕਰਯੋਗ ਹੈ ਕਿ ਇਹ ਨਵੇਂ ਮਰੀਜ਼ ਵੀ ਕੋਰੋਨਾ ਵਾਇਰਸ ਦਾ ਗੜ੍ਹ ਬਣ ਚੁੱਕੀ ਬਾਪੂਧਾਮ ਕਾਲੋਨੀ ਤੋਂ ਹੀ ਸਾਹਮਣੇ ਆਏ ਹਨ। ਇਨ੍ਹਾਂ ਵਿਚ 8 ਸਾਲਾ, 12 ਸਾਲਾ, 15 ਸਾਲਾ, 16 ਸਾਲਾ ਅਤੇ 17 ਸਾਲਾ ਬੱਚੇ ਸ਼ਾਮਲ ਹਨ, ਜਦਕਿ ਇਕ ਵਿਅਕਤੀ, ਜਿਸ ਦੀ ਉਮਰ 53 ਸਾਲ ਦੀ ਹੈ, ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।
ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਚੰਡੀਗੜ੍ਹ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 288 ਹੋ ਗਈ ਹੈ, ਜਿਨ੍ਹਾਂ ਵਿਚੋਂ 216 ਕੋਰੋਨਾ ਪੀੜਤ ਮਰੀਜ਼ ਬਾਪੂਧਾਮ ਕਾਲੋਨੀ ਤੋਂ ਹੀ ਸਾਹਮਣੇ ਆਏ ਹਨ। ਇਥੇ ਦੱਸਮਯੋਗ ਹੈ ਕਿ ਸੂਦ ਧਰਮਸ਼ਾਲਾ ਤੋਂ 46 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਗਏ ਹਨ। ਇਹ ਸਾਰੇ ਮਰੀਜ਼ ਇਥੇ ਆਪਣਾ ਇਕਾਂਤਵਾਸ ਵਿਚ ਰਖੇ ਗਏ ਸਨ, ਜੋਕਿ ਸਾਰੇ ਹੀ ਬਾਪੂਧਾਮ ਕਾਲੋਨੀ ਦੇ ਰਹਿਣ ਵਾਲੇ ਹਨ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਇਕ ਕੋਰੋਨਾ ਪਾਜ਼ੀਟਿਵ ਮੁਲਜ਼ਮ ਦੇ ਸੰਪਰਕ ਵਿਚ ਆਏ ਜੱਜ ਨੇ ਵੀ ਖੁਦ ਨੂੰ ਕੁਆਰੰਟਾਈਨ ਕੀਤਾ ਹੋਇਆ ਹੈ। ਇਹ ਮੁਲਜ਼ਮ ਬਾਪੂਧਾਮ ਚੌਕੀ ’ਚ ਤਾਇਨਾਤ ਸਿਪਾਹੀ ਨਾਲ ਕੁੱਟਮਾਰ ਕਰਨ ਦੇ ਮਾਮਲੇ ’ਚ ਸੈਕਟਰ-26 ਥਾਣਾ ਪੁਲਿਸ ਵੱਲੋਂ ਬੀਤੇ ਸ਼ਨੀਵਾਰ ਜੇਐਮਆਈਸੀ ਜੱਜ ਇੰਦਰਜੀਤ ਸਿੰਘ ਦੇ ਸੈਕਟਰ-39 ਸਥਿਤ ਘਰ ਵਿਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਨ.ਕੇ. ਨੰਦਾ ਨੇ ਵੀ ਵਕੀਲਾਂ ਨੂੰ ਆਨਲਾਈਨ ਘਰੋਂ ਕੰਮ ਕਰਨ ਦੀ ਬੇਨਤੀ ਕੀਤੀ ਹੈ ਅਤੇ ਬਹੁਤ ਜ਼ਰੂਰੀ ਹੋਣ ’ਤੇ ਹੀ ਅਦਾਲਤ ਵਿਚ ਆਉਣ ਲਈ ਕਿਹਾ ਹੈ।