7 more arrested : ਅੰਮ੍ਰਿਤਸਰ : ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੀ ਗਿਣਤੀ 38 ਹੋ ਗਈ ਹੈ। ਸੁੱਕਰਵਾਰ ਸ਼ਾਮ ਤੱਕ, ਅੰਮ੍ਰਿਤਸਰ ਦਿਹਾਤੀ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਵਾਲੇ 10 ਵਿਅਕਤੀ, ਬਟਾਲਾ ਵਿੱਚ 9 ਅਤੇ ਤਰਨਤਾਰਨ ਵਿੱਚ 19 ਵਿਅਕਤੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਪੁਲਿਸ ਦੀਆਂ 5 ਟੀਮਾਂ ਵੱਲੋਂ 40 ਤੋਂ ਵੱਧ ਛਾਪੇ ਮਾਰੇ ਗਏ, ਜਿਸ ਵਿਚ ਪੰਜਾਬ ਪੁਲਿਸ ਨੇ ਬੀਤੇ ਦਿਨ ਅੰਮ੍ਰਿਤਸਰ ਦਿਹਾਤੀ, ਬਟਾਲਾ ਅਤੇ ਤਰਨ ਤਾਰਨ ਜ਼ਿਲ੍ਹਿਆਂ ਤੋਂ 7 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਪੁਲਿਸ ਨੇ ਪਹਿਲਾਂ ਹੀ ਬਲਵਿੰਦਰ ਕੌਰ ਨਾਂ ਦੀ ਇਕ ਹੋਰ ਔਰਤ ਨੂੰ ਬੀਤੇ ਵੀਰਵਾਰ ਨੂੰ ਮੁਛਲ ਪਿੰਡ, ਥਾਣਾ ਤਰਸਿੱਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਇਸ ਮਾਮਲੇ ਵਿਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਦੋ ਬਟਾਲਾ ਜ਼ਿਲੇ ਤੋਂ ਹਨ, ਜਿਨ੍ਹਾਂ ਦੀ ਪਛਾਣ ਦਰਸ਼ਨ ਰਾਣੀ ਅਤੇ ਰਾਜਨ ਵਜੋਂ ਤੋਂ ਕੀਤੀ ਗਈ ਹੈ।
ਚਾਰ ਹੋਰ ਵਿਅਕਤੀਆਂ ਕਸ਼ਮੀਰ ਸਿੰਘ, ਅੰਗਰੇਜ ਸਿੰਘ, ਅਮਰਜੀਤ ਅਤੇ ਬਲਜੀਤ ਨੂੰ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਖਿਲਾਫ ਥਾਣਾ ਸਦਰ ਤਰਨਤਾਰਨ ਵਿਖੇ ਐਫਆਈਆਰ ਨੰ. 253, 31 ਜੁਲਾਈ, 2020 ਤਹਿਤ ਪਰਚਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਪਿੰਡ ਨੌਰੰਗਾਬਾਦ ਵਿਖੇ ਸ਼ਰਾਬ ਦੀ ਸਪਲਾਈ ਕੀਤੀ ਸੀ। ਮਿੱਠੂ ਨਾਂਅ ਦੇ ਜਿਸ ਵਿਅਕਤੀ ਨੂੰ ਪਿੰਡ ਜੱਸੋ ਨੰਗਲ, ਥਾਣਾ ਖਿਲਚੀਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਡਰੱਮ, ਸਟੋਰੇਜ ਕੈਨ ਆਦਿ ਬਰਾਮਦ ਕੀਤੇ ਗਏ ਹਨ ਅਤੇ ਜਿਸ ਨੂੰ ਜਾਂਚ ਕਰਨ ਹਿਤ ਰਸਾਇਣਕ ਵਿਸ਼ਲੇਸ਼ਣ ਲਈ ਭੇਜਿਆ ਗਿਆ ਹੈ।