7 people died of : ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿਚ ਜ਼ਹਿਰੀਲੀ ਸ਼ਰਾਬ ਪੀ ਕੇ 7 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿਚ ਵੱਡੀ ਲਾਪਰਵਾਹੀ ਵਰਤਦਿਆਂ ਮ੍ਰਿਤਕਾਂ ਦਾ ਪੋਸਟਮਾਰਟਮ ਹੋਣ ਤੋਂ ਪਹਿਲਾਂ ਹੀ ਸਾਰੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਇਨ੍ਹਾਂ ਲੋਕਾਂ ਨੇ ਪਿੰਡ ਦੀ ਹੀ ਇਕ ਔਰਤ ਕੋਲੋਂ ਦੇਸੀ ਸ਼ਰਾਬ ਖਰੀਦੀ ਸੀ। ਪੁਲਿਸ ਨੇ ਪੀੜਤ ਪਰਿਵਾਰਾਂ ਦੀ ਸ਼ਿਕਾਇਤ ’ਤੇ ਦੋਸ਼ੀ ਔਰਤ ਬਲਵਿੰਦਰ ਕੌਰ ਖਿਲਾਫ ਧਾਰਾ 304 ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਲਈ ਐਸਐਸਪੀ ਦਿਹਾਤ ਵਿਕਰਮਜੀਤ ਦੁੱਗਲ ਨੇ ਥਾਣਾ ਇੰਚਾਰਜ ਬਿਕਰਮਜੀਤ ਸਿੰਘ ਨੂੰ ਸਸਪੈਂਡ ਕਰਦੇ ਹੋਏ ਐਸਪੀ (ਡੀ) ਗੌਰਵ ਤੁਰਰਾ ਦੀ ਪ੍ਰਧਾਨਗੀ ਹੇਠ ਚਾਰ ਮੈਂਬਰੀ ਐਸਆਈਟੀ ਬਣਾਈ ਹੈ।
ਪੁਲਿਸ ਨੇ ਸਿਰਫ ਚਾਰ ਲੋਕਾਂ ਦੇ ਮੌਤ ਹੋਣ ਦੀ ਗੱਲ ਕਹੀ, ਜਦਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਸ਼ਰਾਬ ਪੀਣ ਨਾਲ 7 ਮੌਤਾਂ ਹੋਈਆਂ ਹਨ। ਮ੍ਰਿਤਕਾਂ ਦੀ ਪਛਾਣ 25 ਸਾਲਾ ਦਿਵਿਆਂਗ ਕੁਲਦੀਪ ਸਿੰਘ, 70 ਸਾਲਾ ਬਲਵਿੰਦਰ ਸਿੰਘ, 65 ਸਾਲਾ ਦਲਬੀਰ ਸਿੰਘ, 62 ਸਾਲਾ ਮੰਗਲ ਸਿੰਘ, 45 ਸਾਲਾ ਕਸ਼ਮੀਰ ਸਿੰਘ, 35 ਸਾਲਾ ਹਰਪਾਲ ਸਿੰਘ ਕਾਲਾ ਨਿਵਾਸੀ ਮੁੱਛਲ ਪਿੰਡ ਤੇ 40 ਸਾਲਾ ਬਲਦੇਵ ਸਿੰਘ ਨਿਵਾਗੀ ਟਾਂਗਰਾ ਵਜੋਂ ਹੋਈ ਹੈ। ਜਦਕਿ ਜੋਗਾ ਸਿੰਘ ਪਿੰਡ ਮੁੱਛਲ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮ੍ਰਿਤਕ ਕੁਲਦੀਪ ਸਿੰਘ ਸਿੰਘ ਦੀ ਮਾਂ ਜਗੀਰ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਸ਼ਾਮ ਨੂੰ ਜਦੋਂ ਘਰ ਆਇਆ ਤਾਂ ਉਸ ਨੇ ਸ਼ਰਾਬ ਪੀਤੀ ਹੋਈ ਸੀ। ਦੇਰ ਸ਼ਾਮ ਉਸ ਦੀ ਹਾਲਤ ਖਰਾਬ ਹੋ ਗਈ ਤਾਂ ਰਾਤ 9 ਵਜੇ ਦੇ ਕਰੀਬ ਡਾਕਟਰਾਂ ਨੇ ਉਸਨ ਨੂੰ ਮ੍ਰਿਤਕ ਐਲਾਨ ਦਿਤਾ। ਹਸਪਤਾਲ ਵਿਚ ਇਲਾਜ ਅਧੀਨ ਜੋਗਾ ਸਿੰਘ ਦੀ ਪਤਨੀ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਮਾਮਲਾ ਦਬਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ, ਜਦਕਿ ਪਿੰਡ ਦਾ ਹੀ ਵਿਅਕਤੀ ਪਿੰਡ ਵਿਚ ਸ਼ਰਾਬ ਵੇਚਦਾ ਹੈ ਪਰ ਪੁਲਿਸ ਜਾਣਬੁੱਝ ਕੇ ਉਸ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ।