7 year old lion Aman dies : ਨਵੀਂ ਦਿੱਲੀ : ਦਿੱਲੀ ਦੇ ਚਿੜੀਆਘਰ ਵਿੱਚ ਅਮਨ ਨਾਂ ਦੇ 7 ਸਾਲਾ ਸ਼ੇਰ (ਮੇਲ) ਦੀ ਅੱਜ ਲੰਬੀ ਬਿਮਾਰੀ ਤੋਂ ਬਾਅਦ ਦਿਲ ਦੀ ਗਤੀ ਰੁਕ ਜਾਣ ਕਾਰਨ ਮੌਤ ਹੋ ਗਈ। ਨੈਸ਼ਨਲ ਜ਼ੂਲਾਜੀਕਲ ਪਾਰਕ ਦੇ ਨਿਰਦੇਸ਼ਕ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸ਼ੇਰ ਬੀਤੇ ਮਾਰਚ ਮਹੀਨੇ ਤੋਂ ਠੀਕ ਨਹੀਂ ਸੀ ਅਤੇ ਇਸ ਨੂੰ 13 ਅਪ੍ਰੈਲ 2021 ਤੋਂ ਇਲਾਜ ਅਤੇ ਦੇਖਭਾਲ ਲਈ ਚਿੜੀਆਘਰ ਦੇ ਵੈਟਰਨਰੀ ਹਸਪਤਾਲ ਵਿੱਚ ਰੱਖਿਆ ਗਿਆ ਸੀ।
ਉਸ ਨੂੰ ਤੇਜ਼ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਪਿਛਲੇ ਇਕ ਮਹੀਨੇ ਤੋਂ ਵੈਟਰਨਰੀ ਹਸਪਤਾਲ ਵਿੱਚ ਇਸ ਦੀ ਦੇਖਭਾਲ ਕੀਤੀ ਜਾ ਰਹੀ ਸੀ, ਇਸ ਤੋਂ ਇਲਾਵਾ IVRI ਦੇ ਮਾਹਰਾਂ ਅਤੇ ਹੋਰ ਜਾਨਵਰਾਂ ਦੇ ਡਾਕਟਰਾਂ ਦੀ ਸਲਾਹ ਵੀ ਲਈ ਜਾ ਰਹੀ ਸੀ। ਜਾਨਵਰ ਨੁੰ ਇਨਫੈਕਸ਼ਨ, ਗੰਭੀਰ ਸਾਹ ਦੀ ਬੀਮਾਰੀ, ਸਰੀਰਕ ਅਸਧਾਰਨਤਾਵਾਂ ਅਤੇ ਕਈ ਅੰਗਾਂ ਦੀਆਂ ਜਟਿਲਤਾਵਾਂ ਵਰਗੀਆਂ ਮੁਸ਼ਕਲਾਂ ਆ ਰਹੀਆਂ ਸਨ।
ਸ਼ੇਰ ਦੇ ਕੋਵਿਡ ਟੈਸਟ ਲਈ ਜਾਨਵਰ ਦੇ ਨਮੂਨੇ 5 ਮਈ 2021 ਨੂੰ ਆਈਵੀਆਰਆਈ ਨੂੰ ਭੇਜੇ ਗਏ ਸਨ ਜਿਸ ਦੀ 7 ਮਈ ਨੂੰ ਆਰ ਟੀ-ਪੀਸੀਆਰ ਟੈਸਟ ਰਿਪੋਰਟ ਮੁਤਾਬਕ ਨੈਗੇਟਿਵ ਪਾਈ ਗਈ ਸੀ। ਹੁਣ ਵੈਟਰਨਰੀਅਨਾਂ ਦੀ ਇੱਕ ਟੀਮ ਜਾਨਵਰ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾਏਗੀ ਅਤੇ ਮੌਤ ਦੇ ਖਾਸ ਕਾਰਨਾਂ ਦਾ ਪਤਾ ਲਗਾਉਣ ਲਈ ਵਿਜ਼ੈਰਾ ਨੂੰ ਅਗਲੇ ਹਿਸਟੋ-ਪੈਥੋਲੋਜੀਕਲ ਅਤੇ ਹੋਰ ਪ੍ਰੀਖਿਆਵਾਂ ਲਈ ਆਈਵੀਆਰਆਈ ਭੇਜਿਆ ਜਾਵੇਗਾ। ਦੱਸਣਯੋਗ ਹੈ ਕਿ ਅਮਨ ਨਾਂ ਦੇ ਇਸ ਸ਼ੇਰ ਦਾ ਜਨਮ ਚੰਡੀਗੜ੍ਹ ਦੇ ਛੱਤਬੀੜ ਚਿੜੀਆਘਰ ਵਿੱਚ ਜੂਨ 2014 ਵਿੱਚ ਹੋਇਆ ਸੀ ਅਤੇ ਜੂਨ 2015 ਵਿੱਚ ਇਸ ਨੂੰ ਦਿੱਲੀ ਦੇ ਚਿੜੀਆਘਰ ਵਿੱਚ ਲਿਆਂਦਾ ਗਿਆ ਸੀ।