70 people attack CIA : ਬਠਿੰਡਾ ਵਿੱਚ ਸ਼ਨੀਵਾਰ ਸ਼ਾਮ 5 ਵਜੇ ਦੇ ਕਰੀਬ ਪਿੰਡ ਢਿਪਾਲੀ ਵਿੱਚ ਸ਼ਰਾਬ ਤਸਕਰਾਂ ਨੂੰ ਫੜਨ ਗਈ ਸੀਆਈਏ ਸਟਾਫ ਦੀ ਇੱਕ ਟੀਮ ਉੱਤੇ ਪਿੰਡ ਦੇ ਸਰਪੰਚ ਸਣੇ 70 ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪੁਲਿਸ ਦੀ ਕਾਰ ਨੂੰ ਤੋੜਿਆ ਅਤੇ ਬਰਾਮਦ ਕੀਤੀ ਗਈ ਸ਼ਰਾਬ, ਲਾਹਣ ਅਤੇ ਹੋਰ ਸਾਮਾਨ ਪੁਲਿਸ ਟੀਮ ਤੋਂ ਖੋਹ ਕੇ ਨਹਿਰ ਵਿੱਚ ਸੁੱਟ ਦਿੱਤਾ। ਇੰਨਾ ਹੀ ਨਹੀਂ ਇਕ ਸਿਪਾਹੀ ਨੂੰ ਕਾਰ ਤੋਂ ਬਾਹਰ ਕੱਢ ਕੇ ਉਸ ਨੂੰ ਵੀ ਕੁੱਟਿਆ। ਹਮਲਾਵਰਾਂ ਨੇ ਪੁਲਿਸ ਦੁਆਰਾ ਦਰਜ ਕੀਤੀ ਗਈ ਮਾਮਲੇ ਦੀ ਮਿਸਲ ਨੂੰ ਵੀ ਖੋਹ ਕੇ ਉਸ ਨੂੰ ਫਾੜ ਕੇ ਨਹਿਰ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਪੁਲਿਸ ਵੱਲੋਂ ਫੜਿਆ ਗਿਆ ਸ਼ਰਾਬ ਤਸਕਰ ਉਸਨੂੰ ਪੁਲਿਸ ਹਿਰਾਸਤ ਤੋਂ ਛੁਡਾ ਕੇ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਵਿੱਚ ਜ਼ਖਮੀ ਹੋਏ ਸਿਪਾਹੀ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਵਿੱਚ ਦਾਖਲ ਕਰਵਾਇਆ ਗਿਆ ਹੈ। ਥਾਣਾ ਫੂਲ ਪੁਲਿਸ ਨੇ ਪੁਲਿਸ ਟੀਮ ਦੇ ਬਿਆਨਾਂ ‘ਤੇ ਪਿੰਡ ਢਿਪਾਲੀ ਦੇ ਸਰਪੰਚ, ਪੰਚ ਸਣਏ 20 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਦੋਂਕਿ 50 ਅਣਪਛਾਤਿਆਂ ਸਣੇ ਕੁਲ 70 ਲੋਕਾਂ ’ਤੇ ਇਰਾਦਾ ਏ ਕਤਲ ਸਣੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।