70 years oldage woman : ਜਲੰਧਰ : ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਈ ਜਲੰਧਰ ਦੀ ਪਰੌਂਠਿਆਂ ਵਾਲੀ ਬੇਬੇ 70 ਸਾਲਾ ਕਮਲੇਸ਼ ਕੁਮਾਰੀ ਨੂੰ ਪੰਜਾਬ ਸਰਕਾਰ ਨੇ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਇਸ ਤੋਂ ਪਹਿਲਾਂ ਇਸ ਬਜ਼ੁਰਗ ਬੇਬੇ ਨੂੰ ਉਤਸ਼ਾਹਿਤ ਕਰਨ ਲਈ ਸੀਐਸਆਰ ਫੰਡਾਂ ਵਿਚੋਂ 50,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਦੱਸਣਯੋਗ ਹੈ ਕਿ ਬੀਤੇ ਸ਼ਾਮ ਸਹਾਇਕ ਕਮਿਸ਼ਨਰ (ਜ) ਹਰਦੀਪ ਸਿੰਘ ਪ੍ਰਕਾਸ਼ ਨਗਰ ਇਲਾਕੇ ਵਿੱਚ ਬਜ਼ੁਰਗ ਔਰਤ ਕਮਲੇਸ਼ ਕੁਮਾਰੀ ਦੇ ਘਰ ਪੁੱਜੇ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੱਤੀ ਸਹਾਇਤਾ ਦਾ ਚੈੱਕ ਸੌਂਪਿਆ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਕਮਲੇਸ਼ ਕੁਮਾਰੀ ਨੂੰ ਇਸ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਸੀ
ਜ਼ਿਕਰਯੋਗ ਹੈ ਕਿ ਬਜ਼ੁਰਗ ਔਰਤ ਕਮਲੇਸ਼ ਕੁਮਾਰੀ (ਬੇਬੇ ਜੀ) ਜਲੰਧਰ ਦੀ ਫਗਵਾੜਾ ਗੇਟ ਮਾਰਕੀਟ ਵਿਚ ਲਗਭਗ 30 ਸਾਲਾਂ ਤੋਂ ਸ਼ਾਮ ਤੋਂ ਅੱਧੀ ਰਾਤ ਤੱਕ ਪਰੌਂਠੇ ਬਣਾਉਣ ਦੀ ਇਕ ਛੋਟੀ ਜਿਹੀ ਦੁਕਾਨ ਚਲਾ ਰਹੀ ਹੈ। ਬਜ਼ੁਰਗ ਔਰਤ ਦੀ ਸੋਸ਼ਲ ਮੀਡੀਆ ’ਤੇ ਬੀਤੇ ਕੁਝ ਦਿਨਾਂ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਕਮਲੇਸ਼ ਕੁਮਾਰੀ ਪਿਛਲੇ 30 ਸਾਲਾਂ ਤੋਂ ਫਗਵਾੜਾ ਗੇਟ ’ਤੇ ਪਰੌਂਠੇ ਬਣਾ ਕੇ ਆਪਣੀ ਜ਼ਿੰਦਗੀ ਬਿਤਾ ਰਹੀ ਹੈ। ਇਸ ਵੀਡੀਓ ਨੂੰ ਪੰਜਾਬੀ ਕਲਾਕਾਰ ਗੁਰਪਾਲ ਐਮੀ ਵਿਰਕ ਤੇ ਦਿਲਜੀਤ ਦੋਸਾਂਝ ਵੱਲੋਂ ਸ਼ੇਅਰ ਕੀਤਾ ਗਿਆ ਸੀ। ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਦੋਸਾਂਝ ਨੇ ਲਿਖਿਆ, ‘ਫਗਵਾੜਾ ਗੇਟ ਦੇ ਕੋਲ ਬੈਠਦੇ ਨੇ ਬੀਜੀ। ਮੇਰੇ ਪਰੌਂਠੇ ਤਾਂ ਪੱਕੇ ਹੈ ਜਦੋਂ ਮੈਂ ਜਲੰਧਰ ਗਿਆ। ਤੁਸੀਂ ਵੀ ਜ਼ਰੂਰ ਜਾ ਕੇ ਆਈਓ। ਰੱਬ ਦੀ ਰਜ਼ਾ ‘ਚ ਰਹਿ ਕੇ ਹੱਸਣਾ ਕਿਸੇ-ਕਿਸੇ ਨੂੰ ਹੀ ਆਉਂਦਾ ਹੈ। ਰਿਸਪੈਕਟ।’
ਕਮਲੇਸ਼ ਕੁਮਾਰੀ ਦੇ ਪਤੀ ਦੀ ਕਾਫੀ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਸ਼ਾਮ ਤੋਂ ਅੱਧੀ ਰਾਤ ਤੱਕ ਬਹੁਤ ਸਸਤੀ ਕੀਮਤ ’ਤੇ ਪਰੌਂਠੇ ਬਣਾ ਕੇ ਵੇਚਦੀ ਹੈ ਅਤੇ ਆਪਣਾ ਗੁਜ਼ਾਰਾ ਚਲਾ ਰਹੀ ਹੈ। ਬਜ਼ੁਰਗ ਮਾਤਾ ਨੇ ਇਸੇ ਕੰਮ ਨਾਲ ਆਪਣਾ ਬੱਚਿਆਂ ਨੂੰ ਪਾਲਿਆ ਹੈ। ਇਸ ਉਮਰ ਵਿੱਚ ਵੀ ਉਸ ਨੂੰ ਮਜਬੂਰੀ ਵੱਸ ਇਹ ਕੰਮ ਕਰਨਾ ਪੈ ਰਿਹਾ ਹੈ ਪਰ ਉਹ ਇਸ ਵਿੱਚ ਮਾਣ ਮਹਿਸੂਸ ਕਰਦੀ ਹੈ। ਹਾਲਾਂਕਿ ਬੇਬੇ ਨੇ ਦੱਸਿਆ ਕਿ ਹੁਣ ਉਸ ਦਾ ਇਹ ਕੰਮ ਕਾਫੀ ਘੱਟ ਗਿਆ ਹੈ। ਲੋਕਾਂ ਵੱਲੋਂ ਬਜ਼ੁਰਗ ਔਰਤ ਦੀ ਇਸ ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਤੋਂ ਇਹ ਪ੍ਰਸ਼ਾਸਨ ਦੇ ਮੁੱਖ ਮੰਤਰੀ ਤੱਕ ਪਹੁੰਚੀ, ਜਿਸ ਦੇ ਚੱਲਦਿਆਂ ਮੁੱਖ ਮੰਤਰੀ ਨੇ ਮਾਤਾ ਨੂੰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ।