750 stadiums and playgrounds : ਚੰਡੀਗੜ੍ਹ : ਪੰਜਾਬ ਵਿੱਚ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੂਬੇ ਦੇ ਪਿੰਡਾਂ ਵਿੱਚਾਂ 750 ਸਟੇਡੀਅਮ ਤੇ ਖੇਡ ਮੈਦਾਨ ਬਣਾਏ ਜਾਣਗੇ, ਜਿਨ੍ਹਾਂ ਦਾ ਨਾਂ ਉੱਘੇ ਖਿਡਾਰੀਆਂ ਦੇ ਨਾਂ ’ਤੇ ਰੱਖਿਆ ਜਾਵੇਗਾ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਜੀਟਲ ਵਿਧੀ ਰਾਹੀਂ ਸੂਬਾ ਭਰ ਵਿਚ 750 ਪੇਂਡੂ ਸਟੇਡੀਅਮਾਂ/ਖੇਡ ਮੈਦਾਨਾਂ ਦੇ ਨਿਰਮਾਣ ਕਾਰਜ ਦੀ ਵਰਚੁਅਲ ਸ਼ੁਰੂਆਤ ਕਰਨ ਤੋਂ ਇਲਾਵਾ ਐਂਬੂਲੈਂਸਾਂ ਦੀ ਫਲੀਟ ਨੂੰ ਝੰਡੀ । ਇਸ ਦੇ ਨਾਲ ਹੀ ਆਰਥਿਕ ਤੌਰ ’ਤੇ ਕਮਜ਼ੋਰ ਤਬਕਿਆਂ ਦੇ ਮਾਲੀ ਹੱਕਾਂ ਲਈ ਇੱਕ ਐਮ.ਓ.ਯੂ. ਉੱਤੇ ਸਹੀ ਪਾਈ।
ਮੁੱਖ ਮੰਤਰੀ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿਚ 750 ਸਟੇਡੀਅਮਾਂ ਦਾ ਵਿਕਾਸ 105 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ, ਜਿਸ ਨਾਲ ਸਾਡੇ ਸੂਬੇ ਦੀ ਨੌਜਵਾਨੀ ਵਿੱਚ ਮੌਜੂਦ ਅਥਾਹ ਊਰਜਾ ਨੂੰ ਸਕਾਰਾਤਮਕ ਪਾਸੇ ਕੇਂਦਰਤ ਕਰਨ ਵਿਚ ਮਦਦ ਮਿਲੇਗੀ। ਸਰਕਾਰ ਨੇ 2020-21 ਦੌਰਾਨ ਇਸ ਸਬੰਧੀ ਨਿਰਧਾਰਤ ਪ੍ਰਤੀ ਬਲਾਕ ਘੱਟੋ-ਘੱਟ ਪੰਜ ਸਟੇਡੀਅਮ ਉਸਾਰੇ ਜਾਣ ਦਾ ਟੀਚਾ ਮਿੱਥਿਆ ਹੈ। ਪਿੰਡਾਂ ਵਿਚ ਨਵੇਂ ਉਸਾਰੇ ਜਾਣ ਵਾਲੇ ਸਟੇਡੀਅਮਾਂ ਦਾ ਨਾਂ ਉੱਘੇ ਖਿਡਾਰੀਆਂ ਦੇ ਨਾਵਾਂ ਉੱਤੇ ਰੱਖਣ ਨਾਲ ਨੌਜਵਾਨ ਪਨੀਰੀ ਨੂੰ ਕੌਮੀ ਅਤੇ ਕੌਮਾਂਤਰੀ ਦੋਵਾਂ ਪੱਧਰਾਂ ’ਤੇ ਖੇਡਾਂ ਵਿਚ ਨਾਮਣਾ ਖੱਟਣ ਦੀ ਪ੍ਰੇਰਨਾ ਮਿਲੇਗੀ। ਮੁੱਖ ਮੰਤਰੀ ਨੇ ਲੁਧਿਆਣਾ, ਜਲੰਧਰ ਅਤੇ ਪਟਿਆਲਾ ਲਈ ਚਾਰ-ਚਾਰ ਐਂਬੂਲੈਂਸਾਂ ਨੂੰ ਵੀ ਡਿਜੀਟਲ ਢੰਗ ਨਾਲ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਇਹ ਐਂਬੂਲੈਂਸਾਂ ਦਾਨ ਕਰਨ ਲਈ ਜ਼ੀ ਐਂਟਰਟੇਨਮੈਂਟ ਸਮੂਹ ਦਾ ਧੰਨਵਾਦ ਕੀਤਾ।
ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਅਤੇ ਸੈਂਟਰ ਫਾਰ ਪਾਲਿਸੀ ਰਿਸਰਚ, ਓਡੀਸ਼ਾ ਦਰਮਿਆਨ ਐਮ.ਓ.ਯੂ. ’ਤੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਸਹੀ ਪਾਈ ਗਈ। ਇਸ ਨਾਲ ਪੰਜਾਬ ਸਲੱਮ ਡਵੈਲਰਜ਼ ਪ੍ਰੋਪਰਾਈਟਰੀ ਐਕਟ ਨੂੰ ਤੇਜ਼ੀ ਨਾਲ ਲਾਗੂ ਕਰਨ ਵਿਚ ਮਦਦ ਮਿਲੇਗੀ ਜੋ ਕਿ ਅਪ੍ਰੈਲ 2020 ਵਿਚ ਬਣਾਇਆ ਗਿਆ ਸੀ। ਇਸ ਐਮ.ਓ.ਯੂ. ਨਾਲ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਉਨਾਂ ਜ਼ਮੀਨਾਂ ਦਾ ਮਾਲਕਾਨਾ ਹੱਕ ਮਿਲੇਗਾ ਜਿਨਾਂ ਉੱਤੇ ਉਹ ਰਹਿ ਰਹੇ ਹਨ। ਇਸ ਨਾਲ ਸੂਬੇ ਦੇ ਸ਼ਹਿਰੀ ਖੇਤਰਾਂ ਵਿਚ ਝੁੱਗੀਆਂ-ਝੋਂਪੜੀਆਂ ਵਿਚ ਰਹਿ ਰਹੇ 14 ਲੱਖ ਲੋਕਾਂ ਨੂੰ ਸੀ.ਪੀ.ਆਰ. ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਤਕਨੀਕੀ ਮਦਦ ਨਾਲ ਸੀਵਰੇਜ਼, ਪੀਣ ਵਾਲਾ ਸਾਫ ਪਾਣੀ, ਬਿਜਲੀ, ਡਰੇਨੇਜ ਅਤੇ ਬਿਹਤਰ ਸੜਕੀ ਸੰਪਰਕ ਵਰਗੀਆਂ ਸਹੂਲਤਾਂ ਮਿਲਣਗੀਆਂ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇਨਾਂ ਲੋਕਾਂ ਨੂੰ ਮਿਲਣ ਵਾਲੇ ਮਾਲਕਾਨਾ ਪ੍ਰਮਾਣ ਪੱਤਰਾਂ ਸਦਕਾ ਇਹ ਲੋਕ ਬੈਂਕ ਤੋਂ ਕਰਜ਼ੇ ਵੀ ਹਾਸਲ ਕਰ ਸਕਦੇ ਹਨ ਅਤੇ ਇਹ ਪ੍ਰਮਾਣ ਪੱਤਰ ਰਿਹਾਇਸ਼ ਦੇ ਸਬੂਤ ਵਜੋਂ ਵੀ ਕੰਮ ਆਉਣਗੇ।