8 pilgrims went to visit : ਅੰਮ੍ਰਿਤਸਰ : ਜੁਲਾਈ 2017 ਵਿੱਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਗਏ ਅੰਮ੍ਰਿਤਸਰ ਦੇ ਦੋ ਐੱਨਆਰਆਈ ਸਣੇ ਅੱਠ ਸ਼ਰਧਾਲੂਆਂ ਦੇ ਲਾਪਤਾ ਹੋਣ ਦੇ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕੀਤੀ ਗਈ ਹੈ। ਇਸ ਮਾਮਲੇ ਦੀ ਜਾਂਚ ਨੂੰ ਸ਼ੁਰੂ ਕਰਦਿਆਂ ਮੰਗਲਵਾਰ ਨੂੰ ਸੀਬੀਆਈ ਟੀਮ ਲਾਪਤਾ ਅੰਮ੍ਰਿਤਸਰ ਦੇ ਚੌਕ ਮਹਿਤਾ ਨਿਵਾਸੀ ਕਿਰਪਾਲ ਸਿੰਘ ਦੇ ਘਰ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਇਨ੍ਹਾਂ ਲਾਪਤਾ ਲੋਕਾਂ ਦੀ ਪਛਾਣ ਕੁਲਬੀਰ ਸਿੰਘ, ਹਕੇਵਲ ਸਿੰਘ, ਪਾਲਾ ਸਿੰਘ, ਗੋਰਾ ਸਿੰਘ, ਜਸਵੀਰ ਸਿੰਘ, ਇਕਾਲ ਸਿੰਘ, ਮਹਿੰਗਾ ਸਿੰਘ ਅਤੇ ਪਰਮਜੀਤ ਸਿੰਘ ਵਜੋਂ ਹੋਈ ਸੀ।
ਦੱਸਣਯੋਗ ਹੈ ਕਿ ਇਕ ਜੁਲਾਈ 2017 ਨੂੰ ਇਹ ਸਾਰੇ ਵਿਅਕਤੀ ਅੰਮ੍ਰਿਤਸਰ ਦੇ ਚੌਕ ਮਹਿਤਾ ਦੇ ਟੈਕਸੀ ਸਟੈਂਡ ਤੋਂ ਇਕ ਇਨੋਵਾ ਗੱਡੀ ਜਿਸ ਦਾ ਨੰਬਰ ਪੀਬੀ-06 ਏਬੀ 5472 ਸੀ, ਨੂੰ ਕਿਰਾਏ ’ਤੇ ਲੈ ਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ ਸਨ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਤੋਂ 6 ਜੁਲਾਈ ਨੂੰ ਵਾਪਿਸ ਪਰਤਨਾ ਸੀ। ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਤੋਂ ਇਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਆਖਰੀ ਵਾਰ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ ਇਨ੍ਹਾਂ ਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਟੁੱਟ ਗਿਆ ਸੀ। ਪਰਿਵਾਰਕ ਮੈਂਬਰ ਇਨ੍ਹਾਂ ਦੀ ਭਾਲ ਵਿੱਚ ਉਤਰਾਖੰਡ ਦੇ ਗੋਬਿੰਦਘਾਟ ਤੱਕ ਗਏ ਸਨ ਪਰ ਉਥੇ ਵੀ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗਾ।
ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਥਾਣਾ ਗੋਬਿੰਦਘਾਟ ਵਿਚ ਉਨ੍ਹਾਂ ਦੇ ਲਾਪਤਾ ਹੋ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਵਿੱਚ ਪੁਲਿਸ ਨੇ ਗੋਬਿੰਦਘਾਟ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਇਨੋਵਾ ਗੱਡੀ ਦੇ ਹਾਦਸਗ੍ਰਸਤ ਹੋਣ ਦੀ ਪੁਸ਼ਟੀ ਕਰ ਦਿੱਤੀ ਸੀ ਪਰ ਇਨ੍ਹਾਂ ਅੱਠ ਸ਼ਰਧਾਲੂਆਂ ਦਾ ਕੁਝ ਵੀ ਥਹੁ-ਪਤਾ ਨਹੀਂ ਲੱਗਾ ਅਤੇ ਨਾ ਹੀ ਪੁਲਿਸ ਨੂੰ ਇਨ੍ਹਾਂ ਦਾ ਕੋਈ ਸਾਮਾਨ ਮਿਲ ਰਿਹਾ ਸੀ। ਹੁਣ ਇਸ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕੀਤੀ ਗਈ ਹੈ।