80 years old lady reported Corona : ਚੰਡੀਗੜ੍ਹ ਸ਼ਹਿਰ ਵਿਚ ਅੱਜ ਵੀਰਵਾਰ ਨੂੰ ਕੋਰੋਨਾ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ 80 ਸਾਲ ਦੀ ਬਜ਼ੁਰਗ ਔਰਤ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਔਰਤ ਬਾਪੂਧਾਮ ਦੀ ਰਹਿਣ ਵਾਲੀ ਹੈ। ਇਸ ਨੂੰ ਇਲਾਜ ਲਈ ਸੈਕਟਰ 16 ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਥੇ ਇਸ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਨਵੇਂ ਮਾਮਲੇ ਨਾਲ ਸ਼ਹਿਰ ਵਿਚ ਕੋਰੋਨਾ ਦੇ ਕੁਲ 83 ਐਕਟਿਵ ਮਾਮਲੇ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ਵਿਚ ਸੈਕਟਰ-21 ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਕਤ ਨੌਜਵਾਨ ਹੁਣੇ ਜਿਹੇ ਹੀ ਦਿੱਲੀ ਤੋਂ ਪਰਤਿਆ ਸੀ। ਇਸ ਤੋਂ ਪਹਿਲਾਂ ਸੈਕਟਰ-30 ਵਿਚ ਰਹਿਣ ਵਾਲੀ 80 ਸਾਲਾ ਮ੍ਰਿਤਕ ਔਰਤ ਦੇ ਸੰਪਰਕ ਵਿਚ ਆਏ ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਉਸ ਦੇ ਸੰਪਰਕਾਂ ਵਿਚੋਂ ਦੋ ਪਰਿਵਾਰਕ ਮੈਂਬਰਾਂ ਅਤੇ ਇਕ ਗੁਆਂਢੀ ਦੇ ਬੀਤੇ ਦਿਨ ਸੈਂਪਲ ਲਏ ਗਏ ਸਨ, ਜੋ ਨੈਗੇਟਿਵ ਆਏ ਸਨ। ਸ਼ਹਿਰ ਵਿਚ ਹੁਣ ਤੱਕ ਕੋਰੋਨਾ ਦੇ ਕੁਲ 301 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 82 ਮਾਮਲੇ ਐਕਟਿਵ ਹਨ, ਜਦਕਿ 214 ਨੂੰ ਠੀਕ ਹੋਣ ’ਤੇ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਮੋਹਾਲੀ ਵਿਚ ਦੋ ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਨ੍ਹਾਂ ਵਿਚ ਸੈਕਟਰ-78 ਦਾ ਇਕ 36 ਸਾਲਾ ਵਿਅਕਤੀ ਅਤੇ ਡੇਰਾਬੱਸੀ ਦਾ ਰਹਿਣ ਵਾਲਾ 39 ਸਾਲਾ ਵਿਅਕਤੀ ਸ਼ਾਮਲ ਹੈ। ਇਹ ਦੋਵੇਂ ਵਿਅਕਤੀ ਦਿੱਲੀ ਤੋਂ ਪੰਜਾਬ ਵਾਪਿਸ ਪਰਤੇ ਸਨ। ਇਨ੍ਹਾਂ ਦੋਹਾਂ ਨੂੰ ਗਿਆਨ ਸਾਗਰ ਕੋਰੋਨਾ ਸੈਂਟਰ ਭੇਜਿਆ ਹੈ। ਬੀਤੇ ਦਿਨ ਜ਼ਿਲੇ ਵਿਚ ਕੋਰੋਨਾ ਦੇ ਸੱਤ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲੇ ਵਿਚ 103 ਲੋਕ ਕੋਰੋਨਾ ਨੂੰ ਮਾਤ ਦੇ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 17 ਐਕਟਿਵ ਮਾਮਲੇ ਹਨ।