ਕੱਥੂਨੰਗਲ ਖੇਤਰ ਤੋਂ 9 ਜੂਨ ਨੂੰ 48 ਵਿਦੇਸ਼ੀ ਪਿਸਤੌਲਾਂ ਬਰਾਮਦ ਹੋਣ ਤੋਂ ਬਾਅਦ ਪੰਜਾਬ ਖੁਫੀਆ ਏਜੰਸੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਹੈ।
ਐਸਐਸਓਸੀ 48 ਵਿਦੇਸ਼ੀ ਪਿਸਤੌਲਾਂ ਦੇ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਮੁੱਖ ਮੁਲਜ਼ਮ ਜਗਜੀਤ ਸਿੰਘ ਜੱਗੂ ਤੋਂ ਇਲਾਵਾ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਬੰਦ ਲਵਦੀਪ ਸਿੰਘ ਲਾਲਾ, ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਜਗਵਿੰਦਰ ਸਿੰਘ ਜੱਗਾ ਤੋਂ ਇਲਾਵਾ ਫਰੀਦਕੋਟ, ਸਬਜੇਲ੍ਹ ਪੱਟੀ ਤੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਜੋਬਨਪ੍ਰੀਤ ਸਿੰਘ ਨਿਵਾਸ ਪਿੰਡ ਮਰੜੀ ਕਲਾਂ ਬਟਾਲਾ, ਲਵਪ੍ਰੀਤ ਸਿੰਘ ਜੋਂਡੀਅਰ ਨਿਵਾਸੀ ਹਰੀਕੇ ਤਰਨਤਾਰਨ ਅਤੇ ਦਿਲਜੀਤ ਸਿੰਘ ਬੁਰਜ ਰਾਏਕੇ ਨੂੰ ਕੋਰਟ ਤੋਂ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਸੀ। ਅਦਾਲਤ ਨੇ ਜੋਬਨਪ੍ਰੀਤ ਸਿੰਘ, ਲਵਪ੍ਰੀਤ ਸਿੰਘ ਜੋਂਡੀਅਰ ਅਤੇ ਦਿਲਜੀਤ ਸਿੰਘ ਨੂੰ 4 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।
ਇਸ ਸਬੰਧ ਵਿੱਚ ਐਸਐਸਓਸੀ ਦੇ ਹਰਵਿੰਦਰਪਾਲ ਸਿੰਘ ਅਤੇ ਐਸਐਸਓਸੀ ਦੇ ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਬਾਕੀ ਦੋ ਮੁਲਜ਼ਮਾਂ ਲਵਦੀਪ ਸਿੰਘ ਲਾਲਾ ਅਤੇ ਜਗਵਿੰਦਰ ਸਿੰਘ ਵਾਸੀ ਪਿੰਡ ਪੁਰੀਆਂ ਨੂੰ ਦੋ ਦਿਨਾਂ ਲਈ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ।
ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਐਸਐਸਓਸੀ ਦੇ ਹੱਥੋ ਅਹਿਮ ਸੁਰਾਗ ਮਿਲੇ ਹਨ। ਪੁੱਛਗਿੱਛ ਦੌਰਾਨ ਇਹ ਪਤਾ ਲੱਗਿਆ ਕਿ 48 ਵਿਦੇਸ਼ੀ ਪਿਸਤੌਲ ਤੋ ਇਲਾਵਾ, ਅੰਮ੍ਰਿਤਸਰ ਵਿੱਚ ਸਥਿਤ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਡਰੋਨ ਰਾਹੀਂ 80 ਕਿਲੋ ਹੈਰੋਇਨ ਦੀ ਖੇਪ ਵੀ ਪਹੁੰਚੀ ਸੀ।
ਇਹ ਵੀ ਪੜ੍ਹੋ : ਕੀ ਸੁਲਝੇਗਾ ਪੰਜਾਬ ਕਾਂਗਰਸ ਦਾ ਕਲੇਸ਼? ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨਾਲ ਅੱਜ ਕਰਨਗੇ ਮੁਲਾਕਾਤ
ਐਸਐਸਓਸੀ ਦੇ ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੇ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਸੰਪਰਕ ਵਿੱਚ ਹਨ। ਇਹ ਮੁਲਜ਼ਮ ਅਮਰੀਕਾ ਵਿਚ ਬੈਠੇ ਹੈਂਡਲਰ ਦਰਮਨ ਕਾਹਲੋਂ ਦੀਆਂ ਹਦਾਇਤਾਂ ‘ਤੇ ਕੰਮ ਕਰਦੇ ਹਨ। ਰਿਮਾਂਡ ਪੇਪਰਾਂ ਵਿੱਚ ਮੰਗ ਕੀਤੀ ਗਈ ਸੀ ਕਿ ਐਸਐਸਓਸੀ ਨੇ ਹੁਣ ਤੱਕ ਸਿਰਫ 48 ਵਿਦੇਸ਼ੀ ਪਿਸਤੌਲਾਂ ਦੀ ਹੀ ਬਰਾਮਦਗੀ ਕੀਤੀ ਹੈ, ਜਦੋਂ ਕਿ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 80 ਕਿੱਲੋ ਹੈਰੋਇਨ ਦੀ ਖੇਪ ਵੀ ਪਿਸਤੌਲਾਂ ਨਾਲ ਅੰਤਰਰਾਸ਼ਟਰੀ ਸਰਹੱਦ ਰਾਹੀਂ ਪਹੁੰਚੀ ਸੀ। ਐਸਐਸਓਸੀ ਨੇ ਅਦਾਲਤ ਵਿੱਚ ਕਿਹਾ ਕਿ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ 80 ਕਿਲੋ ਹੈਰੋਇਨ ਬਰਾਮਦ ਕੀਤੀ ਜਾਣੀ ਹੈ।
ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਘਟਨਾ ਵਿੱਚ ਵਰਤੇ ਗਏ ਫੋਨ ਅਤੇ ਲੈਪਟਾਪ ਨੂੰ ਬਰਾਮਦ ਕਰਨਾ ਅਜੇ ਬਾਕੀ ਹੈ। ਰਿਮਾਂਡ ਪੇਪਰਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਮੁਲਜ਼ਮ ਦੇਸ਼ ਵਿਚ ਇਕ ਵੱਡੀ ਅੱਤਵਾਦੀ ਘਟਨਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਸੂਤਰਾਂ ਅਨੁਸਾਰ ਪੁਲਿਸ ਮੁਲਜ਼ਮ ਦੇ ਨੇੜੇ ਪਹੁੰਚ ਚੁੱਕੀ ਹੈ ਜਿਸਨੇ ਜੱਗੂ ਨੂੰ ਵਿਦੇਸ਼ੀ ਪਿਸਤੌਲ ਦਿੱਤੀ ਸੀ। ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫਤਾਰੀਆਂ ਹੋਣਗੀਆਂ। ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਣਾ ਹੈ, ਜਿਸ ਕੋਲ 80 ਕਿੱਲੋ ਹੈਰੋਇਨ ਦੀ ਖੇਪ ਪਹੁੰਚੀ ਸੀ।