A Hindu journalist Ajay lalwani : ਪਾਕਿਸਤਾਨ ਵਿਚ ਹਿੰਦੂਆਂ ਦੇ ਹਮਲਿਆਂ ਅਤੇ ਕਤਲੇਆਮ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਹੁਣ 31 ਸਾਲਾ ਹਿੰਦੂ ਪੱਤਰਕਾਰ ਅਜੈ ਲਾਲਵਾਨੀ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਅਜੇ ਲਾਲਵਾਨੀ ਸਿੰਧ ਸੂਬੇ ਦੇ ਸੁਕੁਰ ਕਸਬੇ ਵਿਚ ਇਕ ਨਾਈ ਦੀ ਦੁਕਾਨ ‘ਤੇ ਵਾਲ ਕੱਟਲਾ ਰਿਹਾ ਸੀ, ਜਿਸ ਨੂੰ ਅਣਪਛਾਤੇ ਅਪਰਾਧੀਆਂ ਨੇ ਗੋਲੀ ਮਾਰ ਦਿੱਤੀ।
ਸ਼ਨੀਵਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ। ਪਾਕਿਸਤਾਨੀ ਅਖਬਾਰ ‘ਦਿ ਨਿਊਜ਼ ਇੰਟਰਨੈਸ਼ਨਲ’ ਨੇ ਦੱਸਿਆ ਕਿ ਅਜੈ ਲਾਲਵਾਨੀ ਇਕ ਸਥਾਨਕ ਟੈਲੀਵਿਜ਼ਨ ਚੈਨਲ ਅਤੇ ਉਰਦੂ ਭਾਸ਼ਾ ਦੇ ਅਖਬਾਰ ‘ਡੇਲੀ ਪੁਚਾਨੋ’ ਦੇ ਰਿਪੋਰਟਰ ਸਨ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਹੋਏ ਹਮਲੇ ਵਿੱਚ ਉਸ ਦੇ ਢਿੱਡ, ਬਾਂਹ ਅਤੇ ਗੋਡੇ ਵਿੱਚ ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ।
ਉਹ ਸੁਕੂਰ ਸ਼ਹਿਰ ਵਿੱਚ ਇੱਕ ਨਾਈ ਦੀ ਦੁਕਾਨ ’ਤੇ ਬੈਠਾ ਵਾਲ ਕਟਵਾ ਰਿਹਾ ਸੀ। ਜਦੋਂ ਦੋ ਮੋਟਰਸਾਈਕਲਾਂ ਅਤੇ ਇੱਕ ਕਾਰ ਵਿੱਚ ਸਵਾਰ ਹਮਲਾਵਰਾਂ ਨੇ ਉਸ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਲਾਲਵਾਨੀ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਖਬਰਾਂ ਅਨੁਸਾਰ ਉਸਦੇ ਪਿਤਾ ਦਿਲੀਪ ਕੁਮਾਰ ਨੇ ਕਿਹਾ ਕਿ ਉਸਦੇ ਪਰਿਵਾਰ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਅਤੇ ਪੁਲਿਸ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਉਸਦੀ ਮੌਤ ਨਿੱਜੀ ਦੁਸ਼ਮਣੀ ਕਰਕੇ ਕੀਤੀ ਗਈ ਸੀ। ਪੁਲਿਸ ਨੇ ਸ਼ੁੱਕਰਵਾਰ ਨੂੰ ਤਿੰਨ ਅਣਪਛਾਤੇ ਅਪਰਾਧੀਆਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਕਤਲ ਦੀ ਨਿਖੇਧੀ ਕਰਦਿਆਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਹਿੰਦੂ ਮੈਂਬਰ ਲਾਲਚੰਦ ਮੱਲ੍ਹੀ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪੱਤਰਕਾਰਾਂ ਦੇ ਇੱਕ ਸਮੂਹ ਨੇ ਲਾਲਵਾਨੀ ਦੇ ਕਤਲ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਅਤੇ ਉਸਦੇ ਅੰਤਿਮ ਸੰਸਕਾਰ ਤੋਂ ਬਾਅਦ ਇੱਕ ਮਾਰਚ ਕੱਢਿਆ।